ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਿਸ਼ਾਨੇਬਾਜ਼ੀ: ਮਨੂ ਭਾਕਰ ਵੱਲੋਂ ਤੀਜਾ ਤਗ਼ਮਾ ਫੁੰਡਣ ਦੀ ਤਿਆਰੀ

25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਪੁੱਜੀ; ਈਸ਼ਾ ਸਿੰਘ ਮੁਕਾਬਲੇ ’ਚੋਂ ਬਾਹਰ
ਮੁਕਾਬਲਾ ਜਿੱਤਣ ਮਗਰੋਂ ਖੁਸ਼ੀ ਜ਼ਾਹਿਰ ਕਰਦੀ ਹੋਈ ਮਨੂ ਭਾਕਰ। -ਫੋਟੋ: ਏਐੱਨਆਈ
Advertisement

ਚੈਟੋਰੌਕਸ, 2 ਅਗਸਤ

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅੱਜ ਇੱਥੇ ਮਹਿਲਾ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਪਹੁੰਚ ਗਈ ਅਤੇ ਉਸ ਦੀਆਂ ਨਜ਼ਰਾਂ ਹੁਣ ਓਲੰਪਿਕ ’ਚ ਤੀਜਾ ਤਗ਼ਮਾ ਜਿੱਤਣ ’ਤੇ ਹਨ। ਮਨੂ ਨੇ ਅੱਜ ਔਰਤਾਂ ਦੇ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇੜ ਦੇ ਪ੍ਰੀਸਿਜ਼ਨ ਰਾਊਂਡ ’ਚ 294 ਅੰਕ ਅਤੇ ਰੈਪਿਡ ਰਾਊਂਡ ’ਚ 296 ਅੰਕਾਂ ਨਾਲ ਕੁੱਲ 590 ਦਾ ਸਕੋਰ ਬਣਾਉਂਦਿਆਂ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ’ਚ ਜਗ੍ਹਾ ਬਣਾਈ ਪਰ ਈਸ਼ਾ ਸਿੰਘ ਮੁਕਾਬਲੇ ’ਚੋਂ ਬਾਹਰ ਹੋ ਗਈ। ਮਨੂ ਨੇ ਪੈਰਿਸ ਖੇਡਾਂ ਵਿੱਚ ਵਿਅਕਤੀਗਤ 10 ਮੀਟਰ ਏਅਰ ਪਿਸਟਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਸਰਬਜੋਤ ਨਾਲ ਮਿਲ ਕੇ ਮਿਕਸਡ ਟੀਮ ਵਰਗ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ। ਉਹ ਇੱਕ ਹੀ ਓਲੰਪਿਕ ’ਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।

Advertisement

ਮਨੂ ਨੇ ਪ੍ਰੀਸਿਜ਼ਨ ਰਾਊਂਡ ਵਿੱਚ 10-10 ਨਿਸ਼ਾਨਿਆਂ ਦੀ ਤਿੰਨ ਸੀਰੀਜ਼ ਵਿੱਚ ਕ੍ਰਮਵਾਰ 97, 98 ਅਤੇ 99 ਅੰਕ ਜੋੜੇ। ਰੈਪਿਡ ਰਾਊਂਡ ਵਿੱਚ ਉਸ ਨੇ ਤਿੰਨ ਸੀਰੀਜ਼ ਵਿੱਚ 100, 98 ਅਤੇ 98 ਅੰਕ ਹਾਸਲ ਕੀਤੇ। ਹੰਗਰੀ ਦੀ ਵੈਰੋਨਿਕਾ ਮੇਜਰ ਨੇ 592 ਅੰਕ ਨਾਲ ਓਲੰਪਿਕ ਦੇ ਕੁਆਲੀਫਿਕੇਸ਼ਨ ਰਿਕਾਰਡ ਦੀ ਬਰਾਬਰੀ ਕਰਦਿਆਂ ਸਿਖਰਲਾ ਸਥਾਨ ਹਾਸਲ ਕੀਤਾ। ਇਸ਼ਾ ਪ੍ਰੀਸਿਜ਼ਨ ਵਿੱਚ 291 ਅਤੇ ਰੈਪਿਡ ਵਿੱਚ 290 ਅੰਕ ਨਾਲ ਕੁੱਲ 581 ਅੰਕ ਬਣਾ ਕੇ 18ਵੇਂ ਸਥਾਨ ’ਤੇ ਰਹੀ ਅਤੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ। ਉਸ ਨੇ ਪ੍ਰੀਸਿਜ਼ਨ ਦੀਆਂ ਪਹਿਲੀਆਂ ਦੋ ਸੀਰੀਜ਼ ਵਿੱਚ 95 ਅਤੇ 96 ਅੰਕ ਹਾਸਲ ਕਰਨ ਮਗਰੋਂ 100 ਅੰਕ ਨਾਲ ਜ਼ਬਰਦਸਤ ਵਾਪਸੀ ਕੀਤੀ ਪਰ ਰੈਪਿਡ ਰਾਊਂਡ ਵਿੱਚ 97, 96 ਅਤੇ 97 ਅੰਕ ਹੀ ਹਾਸਲ ਕਰ ਸਕੀ। ਇਸ ਮੁਕਾਬਲੇ ਦਾ ਫਾਈਨਲ ਸ਼ਨਿੱਚਰਵਾਰ ਤਿੰਨ ਅਗਸਤ ਨੂੰ ਖੇਡਿਆ ਜਾਵੇਗਾ। -ਪੀਟੀਆਈ

ਅਨੰਤਜੀਤ ਪੁਰਸ਼ ਸਕੀਟ ਕੁਆਲੀਫਿਕੇਸ਼ਨ ’ਚ 26ਵੇਂ ਸਥਾਨ ’ਤੇ

ਅਨੰਤਜੀਤ ਸਿੰਘ ਨਾਰੂਕਾ ਪੁਰਸ਼ ਸਕੀਟ ਕੁਆਲੀਫਿਕੇਸ਼ਨ ਦੇ ਪਹਿਲੇ ਦਿਨ ਮਾੜੀ ਸ਼ੁਰੂਆਤ ਮਗਰੋਂ 30 ਨਿਸ਼ਾਨੇਬਾਜ਼ਾਂ ’ਚੋਂ 26ਵੇਂ ਸਥਾਨ ’ਤੇ ਹੈ। ਪੁਰਸ਼ ਸਕੀਟ ਕੁਆਲੀਫਿਕੇਸ਼ ਦੇ ਪਹਿਲੇ ਦਿਨ 25-25 ਨਿਸ਼ਾਨਿਆਂ ਦੀ ਤਿੰਨ ਸੀਰੀਜ਼ ਵਿੱਚ ਅਨੰਤਜੀਤ 23, 22 ਅਤੇ 23 ਅੰਕ ਨਾਲ ਕੁੱਲ 68 ਅੰਕ ਹੀ ਜੋੜ ਸਕਿਆ। ਅਨੰਤਜੀਤ ਦੇ ਪਹਿਲੀ ਸੀਰੀਜ਼ ਵਿੱਚ ਦੋ ਨਿਸ਼ਾਨੇ ਖੁੰਝੇ। ਉਸ ਦੇ ਦੂਜੀ ਸੀਰੀਜ਼ ਵਿੱਚ ਤਿੰਨ ਅਤੇ ਤੀਜੀ ਸੀਰੀਜ਼ ਵਿੱਚ ਇੱਕ ਵਾਰ ਫਿਰ ਦੋ ਨਿਸ਼ਾਨੇ ਖੁੰਝੇ, ਜਿਸ ਨਾਲ ਉਹ ਕਾਫ਼ੀ ਪੱਛੜ ਗਿਆ। ਕੁਆਲੀਫਿਕੇਸ਼ਨ ਰਾਊਂਡ ਦੀ ਦੋ ਸੀਰੀਜ਼ ਹੁਣ ਸ਼ਨਿੱਚਰਵਾਰ ਨੂੰ ਹੋਵੇਗੀ, ਜਿਸ ਮਗਰੋਂ ਸਿਖਰਲੇ ਛੇ ਨਿਸ਼ਾਨੇਬਾਜ਼ ਫਾਈਨਲ ਵਿੱਚ ਜਗ੍ਹਾ ਬਣਾਉਣਗੇ। ਅਨੰਤਜੀਤ ਦੇ ਸਿਖਰਲੇ ਛੇ ਵਿੱਚ ਜਗ੍ਹਾ ਬਣਾ ਕੇ ਫਾਈਨਲ ਲਈ ਕੁਆਲੀਫਾਈ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ। ਅਮਰੀਕਾ ਦਾ ਵਿਨਸੇਂਟ ਹੈਨਕੌਕ 75 ਵਿੱਚੋਂ 75 ਅੰਕਾਂ ਨਾਲ ਸਿਖਰ ’ਤੇ ਹੈ, ਜਦਕਿ ਚਾਰ ਨਿਸ਼ਾਨੇਬਾਜ਼ਾਂ ਨੇ 74 ਅੰਕ ਹਾਸਲ ਕੀਤੇ ਹਨ।

Advertisement
Tags :
ManuParis OlympicPunjabi khabarPunjabi Newsshooting