ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਿਸ਼ਾਨੇਬਾਜ਼ ਮਨੂ ਦੀ ਨਜ਼ਰ ਦੂਜੇ ਤਗ਼ਮੇ ’ਤੇ

10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ’ਚ ਸਰਬਜੋਤ ਸਿੰਘ ਨਾਲ ਕਾਂਸੇ ਦੇ ਤਗ਼ਮੇ ਲਈ ਹੋਣ ਵਾਲੇ ਮੈਚ ’ਚ ਜਗ੍ਹਾ ਬਣਾਈ
ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਚੁਣੌਤੀ ਪੇਸ਼ ਕਰਦੇ ਹੋਏ। -ਫੋਟੋਆਂ: ਰਾਇਟਰਜ਼
Advertisement

* ਰਮਿਤਾ ਜਿੰਦਲ ਅਤੇ ਰਿਦਮ-ਅਰਜੁਨ ਦੀ ਜੋੜੀ ਨੇ ਕੀਤਾ ਨਿਰਾਸ਼

ਚੈਟੋਰੌਕਸ (ਫਰਾਂਸ), 29 ਜੁਲਾਈ

Advertisement

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ ’ਚ ਦੂਜੇ ਤਗ਼ਮੇ ਵੱਲ ਕਦਮ ਵਧਾਉਂਦਿਆਂ ਸਰਬਜੋਤ ਸਿੰਘ ਨਾਲ ਅੱਜ ਇੱਥੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ’ਚ ਕਾਂਸੇ ਦੇ ਤਗ਼ਮੇ ਲਈ ਹੋਣ ਵਾਲੇ ਮੈਚ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਰਮਿਤਾ ਜਿੰਦਲ ਮਹਿਲਾ 10 ਮੀਟਰ ਏਅਰ ਰਾਈਫਲ ਵਿੱਚ ਸੱਤਵੇਂ ਸਥਾਨ ’ਤੇ ਅਤੇ ਰਿਦਮ ਸਾਂਗਵਾਨ ਤੇ ਅਰਜੁਨ ਸਿੰਘ ਚੀਮਾ ਦੀ ਜੋੜੀ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ’ਚ ਦਸਵੇਂ ਸਥਾਨ ’ਤੇ ਰਹੀ।

ਰਮਿਤਾ ਜਿੰਦਲ ਚੁਣੌਤੀ ਪੇਸ਼ ਕਰਦੇ ਹੋਏ। -ਫੋਟੋਆਂ: ਰਾਇਟਰਜ਼

22 ਸਾਲਾ ਮਨੂ ਨੇ ਬੀਤੇ ਦਿਨ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਮਨੂ ਅਤੇ ਸਰਬਜੋਤ ਨੇ ਮਿਕਸਡ ਟੀਮ ਮੁਕਾਬਲੇ ਵਿੱਚ 580 ਦਾ ਸਕੋਰ ਬਣਾ ਕੇ ਮੈਡਲ ਗੇੜ ਵਿੱਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਮੰਗਲਵਾਰ ਨੂੰ ਕੋਰੀਆ ਦੇ ਓਹ ਯੇ ਜਿਨ ਅਤੇ ਲੀ ਵੋਂਹੋ ਨਾਲ ਹੋਵੇਗਾ। ਮਨੂ ਨੇ ਪਹਿਲੀਆਂ ਦੋ ਸੀਰੀਜ਼ ਵਿਚ 98 ਸਕੋਰ ਕੀਤਾ ਪਰ ਤੀਜੇ ਸੈੱਟ ਵਿਚ 95 ਸਕੋਰ ਹੀ ਬਣਾ ਸਕੀ। ਦੂਜੇ ਪਾਸੇ ਸਰਬਜੋਤ ਨੇ ਦੂਜੇ ਅਤੇ ਤੀਜੇ ਸੈੱਟ ਵਿੱਚ 97 ਦਾ ਸਕੋਰ ਬਣਾਇਆ ਜਦੋਂ ਕਿ ਪਹਿਲੇ ਸੈੱਟ ਵਿੱਚ ਉਸ ਦਾ ਸਕੋਰ 95 ਸੀ। ਭਾਰਤ ਦੀ ਰਮਿਤਾ ਜਿੰਦਲ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਵਿੱਚ ਸੱਤਵੇਂ ਸਥਾਨ ’ਤੇ ਰਹੀ। 20 ਸਾਲਾ ਰਮਿਤਾ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 145.3 ਸਕੋਰ ਕੀਤਾ। ਜਦੋਂ ਦਸ ਸ਼ਾਟਜ਼ ਮਗਰੋਂ ਐਲਿਮੀਨੇਸ਼ਨ ਗੇੜ ਸ਼ੁਰੂ ਹੋਇਆ ਤਾਂ ਉਹ ਸੱਤਵੇਂ ਸਥਾਨ ’ਤੇ ਸੀ। ਇਸ ਤੋਂ ਬਾਅਦ ਉਸ ਨੇ 10.5 ਦਾ ਸ਼ਾਟ ਲਾ ਕੇ ਛੇਵਾਂ ਸਥਾਨ ਹਾਸਲ ਕੀਤਾ ਅਤੇ ਨਾਰਵੇ ਦੀ ਹੈੱਗ ਜੀਨੇਟ ਦੂਸਤਾਦ ਬਾਹਰ ਹੋ ਗਈ। ਅਗਲੇ ਸ਼ਾਟ ’ਤੇ ਰਮਿਤਾ ਬਾਹਰ ਹੋ ਗਈ। ਇਸ ਦੌਰਾਨ ਦੱਖਣੀ ਕੋਰੀਆ ਦੀ ਬੈਨ ਹਯੋਜਿਨ ਨੇ ਓਲੰਪਿਕ ਦੇ ਰਿਕਾਰਡ 251.8 ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਚੀਨ ਦੀ ਹੁਆਂਗ ਯੂਤਿੰਗ ਨੇ ਚਾਂਦੀ ਤੇ ਸਵਿਟਜ਼ਰਲੈਂਡ ਦੀ ਗੋਗਨੀਆਟ ਔਡਰੇ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ। 10 ਮੀਟਰ ਏਅਰ ਪਿਸਟਲ ਮਿਕਸਡ ਟੀਮ ’ਚ ਭਾਰਤ ਦੀ ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ ਦੀ ਜੋੜੀ 576 ਦੇ ਸਕੋਰ ਨਾਲ ਦਸਵੇਂ ਸਥਾਨ ’ਤੇ ਰਹੀ। ਟਰੈਪ ਈਵੈਂਟ ਦੇ ਪਹਿਲੇ ਦਿਨ ਭਾਰਤ ਦਾ ਪ੍ਰਿਥਵੀਰਾਜ 25-25 ਸ਼ਾਟ ਦੇ ਤਿੰਨ ਕੁਆਲੀਫਿਕੇਸ਼ਨ ਗੇੜਾਂ ਤੋਂ ਬਾਅਦ 75 ’ਚੋਂ 68 ਦੇ ਸਕੋਰ ਨਾਲ 30ਵੇਂ ਸਥਾਨ ’ਤੇ ਹੈ। ਮੰਗਲਵਾਰ ਨੂੰ ਦੋ ਹੋਰ ਕੁਆਲੀਫਿਕੇਸ਼ਨ ਗੇੜਾਂ ਤੋਂ ਬਾਅਦ ਛੇ ਫਾਈਨਲਿਸਟ ਤੈਅ ਹੋਣਗੇ। -ਪੀਟੀਆਈ

ਅਰਜੁਨ ਬਬੂਟਾ ਕਾਂਸੇ ਦੇ ਤਗ਼ਮੇ ਤੋਂ ਖੁੰਝਿਆ

ਅਰਜੁਨ ਬਬੂਟਾ 10 ਮੀਟਰ ਏਅਰ ਰਾਈਫਲ ’ਚ ਕਾਂਸੇ ਦੇ ਤਗ਼ਮੇ ਤੋਂ ਮਾਮੂਲੀ ਫਰਕ ਨਾਲ ਖੁੰਝ ਗਿਆ। ਉਹ 208.4 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਰਿਹਾ। ਕ੍ਰੋਏਸ਼ੀਆ ਦੇ ਮਿਰਾਨ ਮਾਰਿਸਿਕ ਦੇ 10.7 ਦੇ ਜਵਾਬ ਵਿੱਚ ਉਸ ਦਾ 9.5 ਦਾ ਸ਼ਾਟ ਮਹਿੰਗਾ ਸਾਬਤ ਹੋਇਆ। ਉਸ ਨੇ ਫਾਈਨਲ ਦੀ ਸ਼ੁਰੂਆਤ 10.7 ਤੋਂ ਨਾਲ ਕੀਤੀ ਅਤੇ ਫਿਰ 10.2 ਸਕੋਰ ਕੀਤਾ। ਤੀਜੇ ਸ਼ਾਟ ’ਤੇ 10.5 ਦੇ ਸਕੋਰ ਨਾਲ ਉਹ ਚੌਥੇ ਸਥਾਨ ਅਤੇ ਫਿਰ 10.4 ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ। ਪਹਿਲੀ ਸੀਰੀਜ਼ ਉਸ ਨੇ 10.6 ’ਤੇ ਖ਼ਤਮ ਕੀਤੀ। ਦੂਜੀ ਸੀਰੀਜ਼ ਵਿੱਚ ਉਸ ਨੇ 10.7, 10.5, 10.8 ਦੇ ਪਹਿਲੇ ਤਿੰਨ ਸ਼ਾਟ ਲਾਏ। ਇਸ ਦੌਰਾਨ ਵਿਸ਼ਵ ਰਿਕਾਰਡ ਧਾਰਕ ਚੀਨ ਦੇ ਸ਼ੇਂਗ ਲਿਹਾਓ ਨੇ 252.2 ਦੇ ਓਲੰਪਿਕ ਰਿਕਾਰਡ ਨਾਲ ਸੋਨ ਤਗ਼ਮਾ, ਸਵੀਡਨ ਦੇ ਵਿਕਟਰ ਲਿੰਡਗ੍ਰੇਨ ਨੇ ਚਾਂਦੀ ਅਤੇ ਕ੍ਰਏਸ਼ੀਆ ਦੇ ਮੈਰੀਸਿਕ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਰੀਓ ਓਲੰਪਿਕ ’ਚ ਅਭਿਨਵ ਬਿੰਦਰਾ ਵੀ ਇਸੇ ਈਵੈਂਟ ’ਚ ਚੌਥੇ ਸਥਾਨ ’ਤੇ ਰਿਹਾ ਸੀ।

Advertisement
Tags :
Paris OlympicsPunjabi khabarPunjabi NewsShooter