ਕਬੱਡੀ: ਭਾਰਤੀ ਪੁਰਸ਼ ਤੇ ਮਹਿਲਾ ਟੀਮ ਨੇ ਸੋਨਾ ਜਿੱਤਿਆ
ਹਾਂਗਜ਼ੂ, 7 ਅਕਤੂਬਰ
ਭਾਰਤੀ ਪੁਰਸ਼ ਕਬੱਡੀ ਟੀਮ ਨੇ ਅੱਜ ਇੱਥੇ ਵਵਿਾਦਤ ਫਾਈਨਲ ਵਿੱਚ ਅੰਪਾਇਰ, ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਵਿਚਾਲੇ ਇੱਕ ਘੰਟੇ ਦੀ ਬਹਿਸ ਮਗਰੋਂ ਸਾਬਕਾ ਚੈਂਪੀਅਨ ਇਰਾਨ ਨੂੰ 33-29 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਮੈਚ ਦੇ ਆਖ਼ਰੀ ਮਿੰਟਾਂ ਵਿੱਚ ਅੰਕਾਂ ਨੂੰ ਲੈ ਕੇ ਹੋਏ ਵਵਿਾਦ ਮਗਰੋਂ ਇਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਮਹਿਲਾ ਟੀਮ ਨੇ ਫਾਈਨਲ ਵਿੱਚ ਚੀਨੀ ਤਾਇਪੇ ਨੂੰ 26-25 ਨਾਲ ਹਰਾ ਕੇ ਦੇਸ਼ ਲਈ 100ਵਾਂ ਤਗ਼ਮਾ ਜਿੱਤਿਆ। ਪੁਰਸ਼ਾਂ ਦੇ ਫਾਈਨਲ ਮੁਕਾਬਲੇ ਵਿੱਚ ਜਦੋਂ ਇੱਕ ਮਿੰਟ ਅਤੇ ਪੰਜ ਸੈਕਿੰਡ ਦੀ ਖੇਡ ਬਾਕੀ ਸੀ ਤਾਂ ਦੋਵਾਂ ਟੀਮਾਂ ਦਾ ਸਕੋਰ 28-28 ਨਾਲ ਬਰਾਬਰ ਸੀ ਪਰ ਆਖ਼ਰੀ ਮਿੰਟ ਦੌਰਾਨ ਉਦੋਂ ਵਵਿਾਦ ਹੋ ਗਿਆ, ਜਦੋਂ ਭਾਰਤੀ ਕਪਤਾਨ ਪਵਨ ਸਹਿਰਾਵਤ ਕਰੋ ਜਾਂ ਮਰੋ ਵਾਲੀ ਰੇਡ ਲਈ ਉੱਤਰੇ। ਸਹਿਰਾਵਤ ਕਿਸੇ ਖਿਡਾਰੀ ਨੂੰ ਛੂਹੇ ਬਿਨਾ ਲਾਬੀ ਵਿੱਚ (ਸੀਮਾ ਤੋਂ ਬਾਹਰ) ਚਲਾ ਗਿਆ। ਇਸੇ ਦੌਰਾਨ ਇਰਾਨ ਦੇ ਅਮੀਰਹੋਸੈਨ ਬਸਤਾਮੀ ਅਤੇ ਤਿੰਨ ਹੋਰ ਜਾਫ਼ੀਆਂ ਨੇ ਉਸ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਅੰਕ ਨੂੰ ਲੈ ਕੇ ਵਵਿਾਦ ਖੜ੍ਹਾ ਹੋ ਗਿਆ। ਇਹ ਸਪੱਸ਼ਟ ਨਹੀਂ ਸੀ ਕਿ ਸਹਿਰਾਵਤ ਦੀ ਰੇਡ ਸਫ਼ਲ ਰਹੀ ਜਾਂ ਨਹੀਂ ਅਤੇ ਇਹ ਵੀ ਭੰਬਲਭੂਸਾ ਸੀ ਕਿ ਕਿਹੜਾ ਨਿਯਮ ਲਾਗੂ ਕੀਤਾ ਜਾਵੇ, ਪੁਰਾਣਾ ਜਾਂ ਨਵਾਂ।
ਨਵੇਂ ਨਿਯਮ ਅਨੁਸਾਰ ਸਹਿਰਾਵਤ ਬਾਹਰ ਸੀ ਪਰ ਪੁਰਾਣੇ ਨਿਯਮ ਅਨੁਸਾਰ ਸਹਿਰਾਵਤ ਅਤੇ ਉਸ ਦੇ ਪਿੱਛੇ ਆਉਣ ਵਾਲੇ ਇਰਾਨੀ ਖਿਡਾਰੀਆਂ ਨੂੰ ਵੀ ਖੇਡ ਤੋਂ ਬਾਹਰ ਮੰਨਿਆ ਗਿਆ। ਇਸ ਨਿਯਮ ਤੋਂ ਭਾਰਤ ਨੂੰ ਚਾਰ ਅੰਕ ਅਤੇ ਇਰਾਨ ਨੂੰ ਇੱਕ ਅੰਕ ਮਿਲਿਆ। ਭਾਰਤ ਅਤੇ ਇਰਾਨ ਦੇ ਪੱਖ ਵਿੱਚ ਫ਼ੈਸਲਾ ਸੁਣਾਉਣ ਦੌਰਾਨ ਅਧਿਕਾਰੀਆਂ ਵਿਚਾਲੇ ਖਿੱਚੋਤਾਣ ਦਰਮਿਆਨ ਅਜੀਬੋ-ਗਰੀਬ ਹਾਲਾਤ ਪੈਦਾ ਹੋ ਗਏ, ਜਦੋਂ ਫ਼ੈਸਲਾ ਉਨ੍ਹਾਂ ਦੇ ਖ਼ਿਲਾਫ਼ ਗਿਆ ਤਾਂ ਦੋਵੇਂ ਟੀਮਾਂ ਦੇ ਖਿਡਾਰੀ ਵਿਰੋਧ ਕਰਦਿਆਂ ਕੋਰਟ ’ਤੇ ਬੈਠ ਗਏ। ਦੋਵਾਂ ਪੱਖਾਂ ਵੱਲੋਂ ਕਾਫ਼ੀ ਵਿਚਾਰ-ਚਰਚਾ ਅਤੇ ਬਹਿਸ ਮਗਰੋਂ ਮੈਚ ਮੁਅੱਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਬਾਅਦ ਵਿੱਚ ਭਾਰਤ ਦੇ ਪੱਖ ਵਿੱਚ ਫ਼ੈਸਲਾ ਸੁਣਾਇਆ ਅਤੇ ਸਕੋਰਲਾਈਨ 32-29 ਹੋ ਗਈ। ਇਨ੍ਹਾਂ ਖੇਡਾਂ ਵਿੱਚ ਲਗਾਤਾਰ ਸੱਤ ਸੋਨ ਤਗ਼ਮੇ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਨੂੰ ਜਕਾਰਤਾ ਖੇਡਾਂ ਦੇ ਸੈਮੀਫਾਈਨਲ ਵਿੱਚ ਇਰਾਨ ਤੋਂ ਹਾਰ ਝੱਲਣੀ ਪਈ ਸੀ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਚੀਨੀ ਤਾਇਪੇ ਨੂੰ ਸਖ਼ਤ ਟੱਕਰ ਦਿੱਤੀ। ਦੋਵੇਂ ਟੀਮਾਂ ਗਰੁੱਪ ਰਾਊਂਡ ਵਿੱਚ 34-34 ਨਾਲ ਬਰਾਬਰੀ ’ਤੇ ਸੀ ਅਤੇ ਦੋਵਾਂ ਨੂੰ ਪਤਾ ਸੀ ਕਿ ਫਾਈਨਲ ਸੌਖਾ ਨਹੀਂ ਹੋਵੇਗਾ। ਏਸ਼ਿਆਈ ਖੇਡਾਂ ਵਿੱਚ 2010 ’ਚ ਕਬੱਡੀ ਨੂੰ ਸ਼ਾਮਲ ਕਰਨ ਮਗਰੋਂ ਮਹਿਲਾ ਕਬੱਡੀ ਦਾ ਇਹ ਤੀਜਾ ਸੋਨ ਤਗ਼ਮਾ ਸੀ। ਭਾਰਤ ਨੇ 2010 ਅਤੇ 2014 ਵਿੱਚ ਸੋਨ ਤਗ਼ਮਾ ਜਿੱਤਿਆ ਸੀ ਪਰ 2018 ਫਾਈਨਲ ਵਿੱਚ ਇਰਾਨ ਤੋਂ ਹਾਰ ਗਈ ਸੀ। ਕਪਤਾਨ ਰਿਤੂ ਨੇਗੀ ਨੇ ਕਿਹਾ ਕਿ ਪੰਜ ਸਾਲ ਦੀ ਉਡੀਕ ਮਗਰੋਂ ਟੀਮ ਦੀ ਮਿਹਨਤ ਰੰਗ ਲਿਆਈ। -ਪੀਟੀਆਈ
ਮੁਰਮੂ, ਮੋਦੀ ਅਤੇ ਖੜਗੇ ਵੱਲੋਂ ਤਗ਼ਮਾ ਜੇਤੂਆਂ ਨੂੰ ਵਧਾਈ
ਨਵੀਂ ਦਿੱਲੀ: ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਰਿਕਾਰਡ 107 ਤਗ਼ਮੇ ਜਿੱਤਣ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਖਿਡਾਰੀਆਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ 100 ਤੋਂ ਵੱਧ ਤਗ਼ਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਹ ਖਿਡਾਰੀ ਦੇਸ਼ ਵਾਸੀਆਂ ਲਈ ਰਾਹ ਦਸੇਰਾ ਬਣਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਨ ਤਗ਼ਮਾ ਜਿੱਤਣ ਵਾਲੀ ਕਬੱਡੀ, ਕ੍ਰਿਕਟ ਅਤੇ ਤੀਰਅੰਦਾਜ਼ੀ ਟੀਮ ਨੂੰ ਵਧਾਈ ਦਿੰਦਿਆਂ ਉਸ ਨੂੰ ਦੇਸ਼ ਦਾ ਮਾਣ ਦੱਸਿਆ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ ’ਤੇ ਤਗ਼ਮਾ ਜਿੱਤ ਵਾਲੇ ਭਾਰਤੀ ਖਿਡਾਰੀਆਂ ਦੀ ਸ਼ਲਾਘਾ ਕੀਤੀ। ਉਧਰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਰਜੁਨ ਖੜਗੇ ਨੇ ਖਿਡਾਰੀਆਂ ਦੇ ਹੋਰ ਮੱਲਾਂ ਮਾਰਨ ਦੀ ਕਾਮਨਾ ਕਰਦਿਆਂ ਤਗ਼ਮਾ ਜੇਤੂਆਂ ਨੂੰ ਦੇਸ਼ ਦਾ ਮਾਣ ਦੱਸਿਆ। -ਪੀਟੀਆਈ
ਸ਼ਤਰੰਜ: ਭਾਰਤ ਦੀ ਪੁਰਸ਼ ਤੇ ਮਹਿਲਾ ਟੀਮ ਨੇ ਚਾਂਦੀ ਜਿੱਤੀ
ਹਾਂਗਜ਼ੂ: ਭਾਰਤ ਦੀ ਪੁਰਸ਼ ਅਤੇ ਮਹਿਲਾ ਸ਼ਤਰੰਜ ਟੀਮਾਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤੀ ਮਹਿਲਾ ਟੀਮ ਨੇ ਆਪਣੇ ਆਖ਼ਰੀ ਗੇੜ ਦੇ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 4-0 ਨਾਲ ਹਰਾਇਆ। ਗਰੈਂਡ ਮਾਸਟਰ ਹਰਿਕਾ ਦਰੋਣਾਵੱਲੀ, ਕੌਮਾਂਤਰੀ ਮਾਸਟਰ ਵੈਸ਼ਾਲੀ ਰਮੇਸ਼ਬਾਬੂ, ਕੌਮਾਂਤਰੀ ਮਾਸਟਰ ਵੰਤਿਕਾ ਅਗਰਵਾਲ ਅਤੇ ਮਹਿਲਾ ਗਰੈਂਡਮਾਸਟਰ ਸਵਿਤਾ ਸ੍ਰੀ ਬਸਕਰ ਨੇ ਆਪੋ-ਆਪਣੀਆਂ ਬਾਜ਼ੀਆਂ ਜਿੱਤੀਆਂ। ਮਹਿਲਾ ਭਾਰਤੀ ਟੀਮ ਨੇ ਇਸ ਤਰ੍ਹਾਂ 15 ਅੰਕਾਂ ਨਾਲ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ। ਸਿਖਰਲਾ ਦਰਜਾ ਪ੍ਰਾਪਤ ਚੀਨ ਨੇ 17 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਭਾਰਤੀ ਪੁਰਸ਼ ਟੀਮ ਨੇ ਫਿਲਪੀਨਜ਼ ਖ਼ਿਲਾਫ਼ 3.5-0.5 ਦੀ ਜਿੱਤ ਆਪਣੀ ਮੁਹਿੰਮ ਸਮਾਪਤ ਕੀਤੀ। ਸਿਖਰਲਾ ਦਰਜਾ ਪ੍ਰਾਪਤ ਅਰਜੁਨ ਅਰਗੈਸੀ, ਵਿਦਿੱਤ ਗੁਜਰਾਤੀ ਅਤੇ ਹਰਿਕ੍ਰਿਸ਼ਨ ਪੇਂਟਾਲਾ ਨੇ ਆਪਣੀ-ਆਪਣੀ ਬਾਜ਼ੀ ਜਿੱਤੀ, ਜਦਕਿ ਆਰ ਪ੍ਰਗਨਾਨੰਦਾ ਨੇ ਆਪਣੀ ਬਾਜ਼ੀ ਡਰਾਅ ਕਰਵਾਈ। ਭਾਰਤ ਸੋਨ ਤਗ਼ਮਾ ਜੇਤੂ ਇਰਾਨ ਮਗਰੋਂ ਦੂਜੇ ਸਥਾਨ ’ਤੇ ਰਿਹਾ। -ਪੀਟੀਆਈ