ਹਾਕੀ: ਭਾਰਤ ਮਹਿਲਾ ਟੀਮ ਨੇ ਜਿੱਤੀ ਕਾਂਸੀ
ਹਾਂਗਜ਼ੂ, 7 ਅਕਤੂਬਰ
ਏਸ਼ਿਆਈ ਖੇਡਾਂ ਵਿੱਚ ਖਿਤਾਬ ਦੀ ਪ੍ਰਬਲ ਦਾਅਵੇਦਾਰ ਵਜੋਂ ਉੱਤਰੀ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਮਿਲੀ ਹਾਰ ਤੋਂ ਉੱਭਰਦਿਆਂ ਅੱਜ ਪਿਛਲੇ ਚੈਂਪੀਅਨ ਜਾਪਾਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਆਲਮੀ ਦਰਜਾਬੰਦੀ ਵਿੱਚ ਸੱਤਵੇਂ ਨੰਬਰ ’ਤੇ ਕਾਬਜ਼ ਭਾਰਤੀ ਮਹਿਲਾ ਟੀਮ ਨੂੰ ਸੋਨ ਤਗ਼ਮੇ ਦਾ ਦਾਅਵੇਦਾਰ ਮੰਨਿਆ ਜਾਂਦਾ ਸੀ, ਪਰ ਵੀਰਵਾਰ ਨੂੰ ਮੇਜ਼ਬਾਨ ਚੀਨ ਕੋਲੋਂ ਸੈਮੀਫਾਈਨਲ ਵਿਚ ਮਿਲੀ 4-0 ਦੀ ਹਾਰ ਬਹੁਤ ਮਹਿੰਗੀ ਸਾਬਤ ਹੋਈ। ਭਾਰਤੀ ਮਹਿਲਾ ਟੀਮ ਨੇ ਜਿੱਤ ਨਾਲ 2018 ਵਿੱਚ ਜਕਾਰਤਾ ਖੇਡਾਂ ਦੌਰਾਨ ਜਾਪਾਨ ਕੋਲੋਂ ਮਿਲੀ 1-0 ਦੀ ਹਾਰ ਦਾ ਬਦਲਾ ਵੀ ਲੈ ਲਿਆ। ਸਵਿਤਾ ਪੂਨੀਆ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਦਾ ਸੱਤਵਾਂ ਤਗ਼ਮਾ ਤੇ ਚੌਥਾ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਦੀਪਿਕਾ ਨੇ ਖੇਡ ਦੇ ਪੰਜਵੇਂ ਮਿੰਟ ਵਿਚ ਮਿਲੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਤਬਦੀਲ ਕਰਕੇ ਟੀਮ ਨੂੰ ਬੜਤ ਦਵਿਾਈ, ਪਰ ਜਾਪਾਨ ਦੀ ਯੁਰੀ ਨਗਾਈ ਨੇ 30ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ ਲਾਈਨ 1-1 ਨਾਲ ਬਰਾਬਰ ਕਰ ਦਿੱਤੀ। ਭਾਰਤ ਲਈ ਦੂਜਾ ਗੋਲ ਸੁਸ਼ੀਲਾ ਚਾਨੂ ਨੇ 50ਵੇਂ ਮਿੰਟ ਵਿੱਚ ਕੀਤਾ। ਚੌਥੇ ਕੁਆਰਟਰ ਵਿੱਚ ਜਾਪਾਨ ਨੇ ਭਾਰਤ ਦੇ ਦੋ ਹੱਲਿਆਂ ਨੂੰ ਨਾਕਾਮ ਕੀਤਾ। ਹੂਟਰ ਵੱਜਣ ਤੋਂ ਤਿੰਨ ਮਿੰਟ ਪਹਿਲਾਂ ਭਾਰਤ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਦੀਪਿਕਾ ਵੱਲੋਂ ਲਾਈ ਫਲਿੱਕ ਨੂੰ ਜਾਪਾਨ ਦੀ ਗੋਲਕੀਪਰ ਨੇ ਬਾਖੂਬੀ ਰੋਕ ਲਿਆ। -ਪੀਟੀਆਈ