ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਾਕੀ: ਲਗਾਤਾਰ ਦੂਜਾ ਤਗ਼ਮਾ ਜਿੱਤਣ ਦੀ ਉਮੀਦ ਨਾਲ ਉਤਰੇਗਾ ਭਾਰਤ

ਪਹਿਲੇ ਮੈਚ ਵਿੱਚ ਅੱਜ ਨਿਊਜ਼ੀਲੈਂਡ ਨਾਲ ਭਿੜੇਗੀ ਭਾਰਤੀ ਟੀਮ
ਉਦਘਾਟਨੀ ਸਮਾਗਮ ਮੌਕੇ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਭਾਰਤੀ ਹਾਕੀ ਖਿਡਾਰੀ ਤੇ ਹੋਰ। -ਫੋਟੋ: ਏਐਨਆਈ
Advertisement

ਪੈਰਿਸ, 26 ਜੁਲਾਈ

ਭਾਰਤੀ ਪੁਰਸ਼ ਹਾਕੀ ਟੀਮ ਨੂੰ ਜੇ ਪਿਛਲੇ ਓਲੰਪਿਕ ਵਿੱਚ ਕਾਂਸੇ ਦੇ ਤਗ਼ਮੇ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਹੈ ਤਾਂ ਉਸ ਨੂੰ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤੀ ਟੀਮ ਸ਼ਨਿਚਰਵਾਰ ਨੂੰ ਗਰੁੱਪ ਗੇੜ ਦੇ ਆਪਣੇ ਪਹਿਲੇ ਮੈਚ ’ਚ ਨਿਊਜ਼ੀਲੈਂਡ ਨਾਲ ਭਿੜੇਗੀ। ਭਾਰਤੀ ਟੀਮ ਨੇ ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤ ਕੇ 41 ਸਾਲਾਂ ਦਾ ਇੰਤਜ਼ਾਰ ਖਤਮ ਕੀਤਾ ਸੀ ਅਤੇ ਉਦੋਂ ਤੋਂ ਟੀਮ ਤੋਂ ਕਾਫੀ ਉਮੀਦਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਓਲੰਪਿਕ ਵਿੱਚ ਅੱਠ ਸੋਨ ਤਗਮੇ ਜਿੱਤਣ ਵਾਲੀ ਭਾਰਤੀ ਹਾਕੀ ਲਈ ਇਹ ਅਹਿਮ ਪ੍ਰਾਪਤੀ ਸੀ। ਪਿਛਲੇ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਤੋਂ ਮੁੜ ਤਗ਼ਮਾ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਭਾਰਤੀ ਟੀਮ ਲਈ ਇਹ ਸੌਖਾ ਨਹੀਂ ਹੋਵੇਗਾ। ਭਾਰਤੀ ਟੀਮ ਨੂੰ ਪਿਛਲੀ ਵਾਰ ਦੇ ਚੈਂਪੀਅਨ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਨਾਲ ਔਖੇ ਪੂਲ ‘ਬੀ’ ਵਿੱਚ ਰੱਖਿਆ ਗਿਆ ਹੈ। ਪੂਲ ‘ਏ’ ਵਿੱਚ ਨੈਦਰਲੈਂਡਜ਼, ਜਰਮਨੀ, ਗ੍ਰੇਟ ਬ੍ਰਿਟੇਨ, ਸਪੇਨ, ਦੱਖਣੀ ਅਫਰੀਕਾ ਅਤੇ ਮੇਜ਼ਬਾਨ ਫਰਾਂਸ ਸ਼ਾਮਲ ਹਨ। ਹਰ ਪੂਲ ’ਚੋਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚਣਗੀਆਂ। ਭਾਰਤ ਲਈ ਨਿਊਜ਼ੀਲੈਂਡ, ਅਰਜਨਟੀਨਾ (29 ਜੁਲਾਈ) ਅਤੇ ਆਇਰਲੈਂਡ (30 ਜੁਲਾਈ) ਖ਼ਿਲਾਫ਼ ਪਹਿਲੇ ਤਿੰਨ ਮੈਚ ਬਹੁਤ ਅਹਿਮ ਹਨ ਕਿਉਂਕਿ ਇਸ ਤੋਂ ਬਾਅਦ ਉਸ ਦਾ ਸਾਹਮਣਾ ਬੈਲਜੀਅਮ (1 ਅਗਸਤ) ਅਤੇ ਆਸਟਰੇਲੀਆ (2 ਅਗਸਤ) ਵਰਗੀਆਂ ਮਜ਼ਬੂਤ ਟੀਮਾਂ ਨਾਲ ਹੋਵੇਗਾ।

Advertisement

ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਤਗ਼ਮਾ ਜਿੱਤ ਕੇ ਆਪਣੇ ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਸਮਰਪਿਤ ਕਰਨਾ ਚਾਹੇਗੀ ਜਿਸ ਨੇ ਇਨ੍ਹਾਂ ਖੇਡਾਂ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੀ 16 ਮੈਂਬਰੀ ਟੀਮ ਵਿੱਚ 11 ਓਲੰਪਿਕ ਤਗ਼ਮਾ ਜੇਤੂ ਖਿਡਾਰੀ ਸ਼ਾਮਲ ਹਨ ਜਦਕਿ ਜਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਅਭਿਸ਼ੇਕ, ਰਾਜਕੁਮਾਰ ਪਾਲ ਅਤੇ ਸੰਜੈ ਆਪਣਾ ਪਹਿਲਾ ਓਲੰਪਿਕ ਖੇਡਣ ਜਾ ਰਹੇ ਹਨ। ਸ੍ਰੀਜੇਸ਼ ਅਤੇ ਮਨਪ੍ਰੀਤ ਸਿੰਘ ਲਈ ਇਹ ਚੌਥਾ ਓਲੰਪਿਕ ਹੋਵੇਗਾ। -ਪੀਟੀਆਈ

ਪਹਿਲੇ ਤਿੰਨ ਮੈਚ ਅਹਿਮ: ਫੁਲਟਨ

ਭਾਰਤ ਹਾਲ ਹੀ ਵਿੱਚ ਵਿਸ਼ਵ ਰੈਂਕਿੰਗ ’ਚ ਤੀਜੇ ਤੋਂ ਸੱਤਵੇਂ ਸਥਾਨ ’ਤੇ ਖਿਸਕ ਗਿਆ ਹੈ ਪਰ ਓਲੰਪਿਕ ਵਰਗੇ ਵੱਡੇ ਮੁਕਾਬਲੇ ’ਚ ਰੈਂਕਿੰਗ ਜ਼ਿਆਦਾ ਮਾਇਨੇ ਨਹੀਂ ਰੱਖਦੀ। ਭਾਰਤੀ ਕੋਚ ਕ੍ਰੇਗ ਫੁਲਟਨ ਪਹਿਲੇ ਤਿੰਨ ਮੈਚਾਂ ਦੇ ਮਹੱਤਵ ਨੂੰ ਸਮਝਦੇ ਹਨ ਅਤੇ ਇਕ ਵਾਰ ’ਚ ਇਕ ਮੈਚ ’ਤੇ ਧਿਆਨ ਕੇਂਦਰਿਤ ਕਰਨ ਦੀ ਰਣਨੀਤੀ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ, “ਸਾਨੂੰ ਚੰਗਾ ਪੂਲ ਮਿਲਿਆ ਹੈ। ਓਲੰਪਿਕ ਵਿੱਚ ਕੋਈ ਵੀ ਮੈਚ ਸੌਖਾ ਨਹੀਂ ਹੁੰਦਾ। ਅਸੀਂ ਬੈਲਜੀਅਮ ਅਤੇ ਆਸਟਰੇਲੀਆ ਦਾ ਸਾਹਮਣਾ ਕਰਨ ਤੋਂ ਪਹਿਲਾਂ ਲੈਅ ਹਾਸਲ ਕਰਨ ਲਈ ਪਹਿਲੇ ਮੈਚਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਅਸੀਂ ਇਕ ਵਾਰ ’ਚ ਇੱਕ ਮੈਚ ’ਤੇ ਧਿਆਨ ਦੇ ਰਹੇ ਹਾਂ।’’

Advertisement
Tags :
hockeyIndian Men's Hockey TeamOlympic GamesPunjabi News