ਬੈਡਮਿੰਟਨ: ਪ੍ਰਣੌਏ, ਸਾਤਵਿਕ-ਚਿਰਾਗ ਨੇ ਸੈਮੀਫਾਈਨਲ ’ਚ ਜਗ੍ਹਾ ਬਣਾਈ
ਹਾਂਗਜ਼ੂ, 5 ਅਕਤੂਬਰ
ਭਾਰਤ ਦੇ ਸਿਖਰਲੇ ਖਿਡਾਰੀ ਐੱਚਐੱਸ ਪ੍ਰਣੌਏ ਨੇ ਬੈਡਮਿੰਟਨ ਦੇ ਸਿੰਗਲਜ਼ ਵਿੱਚ ਇੱਥੇ ਮਲੇਸ਼ੀਆ ਦੇ ਲੀ ਜ਼ੀ ਜਿਆ ਨੂੰ ਤਿੰਨ ਗੇਮ ਤੱਕ ਚੱਲੇ ਦਿਲਚਸਪ ਕੁਆਰਟਰ ਫਾਈਨਲ ਵਿੱਚ ਹਰਾ ਕੇ ਭਾਰਤ ਲਈ 41 ਸਾਲਾਂ ਮਗਰੋਂ ਤਗ਼ਮਾ ਪੱਕਾ ਕੀਤਾ ਪਰ ਪੀਵੀ ਸਿੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਡਬਲਜ਼ ਵਿੱਚ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਵੀ ਸੈਮੀਫਾਈਨਲ ਵਿੱਚ ਪਹੁੰਚ ਗਈ। ਉਨ੍ਹਾਂ ਸਿੰਗਾਪੁਰ ਦੇ ਨੇਗ ਜੂ ਜਿਏ ਅਤੇ ਜੋਹਾਨ ਪ੍ਰਾਜੋਗੋ ਨੂੰ 31 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-7, 21-9 ਨਾਲ ਹਰਾਇਆ। ਇਸੇ ਤਰ੍ਹਾਂ ਪਿੱਠ ਦੀ ਸੱਟ ਕਾਰਨ ਪੱਟੀ ਬੰਨ੍ਹ ਕੇ ਖੇਡ ਰਹੇ ਦੁਨੀਆ ਦੇ ਸੱਤਵੇਂ ਨੰਬਰ ਦੇ ਖਿਡਾਰੀ ਪ੍ਰਣੌਏ ਨੇ ਦੁਨੀਆ ਦੇ 16ਵੇਂ ਨੰਬਰ ਦੇ ਖਿਡਾਰੀ ਜਿਆ ਨੂੰ 78 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-16, 21-23, 22-20 ਨਾਲ ਹਰਾ ਕੇ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਦੂਜਾ ਤਗ਼ਮਾ ਯਕੀਨੀ ਬਣਾਇਆ। ਭਾਰਤ ਨੇ ਪਿਛਲੇ ਐਤਵਾਰ ਨੂੰ ਪੁਰਸ਼ ਟੀਮ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ