Red Fort Blast: ਦਿੱਲੀ ਪੁਲੀਸ ਵੱਲੋਂ ਯੂਏਪੀਏ ਤਹਿਤ ਐੱਫਆਈਆਰ ਦਰਜ; ਅਮਿਤ ਸ਼ਾਹ ਉੱਚ ਅਧਿਕਾਰੀਆਂ ਨਾਲ ਕਰਨਗੇ ਸਮੀਖਿਆ ਬੈਠਕ
ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਤੇ ਵਿਸਫੋਟਕ ਐਕਟ (Explosives Act) ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਕਿਉਂਕਿ ਮੁੱਢਲੀ ਜਾਂਚ ਵਿਚ ਧਮਾਕੇ ਦੇ ਤਾਰ ਫਰੀਦਾਬਾਦ ’ਚ ਸਾਹਮਣੇ ਆਏ ਅਤਿਵਾਦੀ ਮੌਡਿਊਲ ਨਾਲ ਜੁੜੇ ਹੋਣ ਦਾ ਸੰਕੇਤ ਮਿਲਿਆ ਹੈ। ਸੋਮਵਾਰ ਸ਼ਾਮੀਂ ਹੋਏ ਧਮਾਕੇ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਜ਼ਖਮੀ ਹੋ ਗਏ ਸਨ। ਕੌਮੀ ਰਾਜਧਾਨੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਕੋਤਵਾਲੀ ਪੁਲੀਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ (UAPA), ਵਿਸਫੋਟਕ ਐਕਟ ਅਤੇ BNS ਦੀਆਂ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ। ਐੱਫਆਈਆਰ ਵਿਚ UAPA ਦੀਆਂ ਧਾਰਾਵਾਂ 16 ਅਤੇ 18 ਸ਼ਾਮਲ ਕੀਤੀਆਂ ਗਈਆਂ ਹਨ, ਜੋ ਅਤਿਵਾਦੀ ਹਮਲੇ ਲਈ ਸਜ਼ਾ ਅਤੇ ਸਾਜ਼ਿਸ਼ ਨਾਲ ਸਬੰਧਤ ਹਨ।
ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਸਵੇਰੇ 11 ਵਜੇ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਦਿੱਲੀ ਦੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਅਤੇ ਡੀਜੀ, ਐਨਆਈਏ, ਸਦਾਨੰਦ ਵਸੰਤ ਦਾਤੇ ਸ਼ਾਮਲ ਹੋਣਗੇ। ਜੰਮੂ ਅਤੇ ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ ਮੀਟਿੰਗ ਵਿੱਚ ਵਰਚੁਅਲੀ ਸ਼ਾਮਲ ਹੋਣਗੇ।
ਸੂਤਰਾਂ ਅਨੁਸਾਰ ਪੁਲਵਾਮਾ ਦਾ ਰਹਿਣ ਵਾਲਾ ਅਤੇ ਇੱਕ ਡਾਕਟਰ ਉਮਰ ਮੁਹੰਮਦ ਕਥਿਤ ਤੌਰ ’ਤੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਪਾਰਕਿੰਗ ਖੇਤਰ ਨੇੜੇ ਧਮਾਕੇ ਲਈ ਵਰਤੀ ਗਈ ਹੁੰਡਈ ਆਈ20 ਕਾਰ ਚਲਾ ਰਿਹਾ ਸੀ।
ਪੁਲੀਸ ਸੂਤਰਾਂ ਨੇ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਕਾਰ ਚਲਾ ਰਹੇ ਵਿਅਕਤੀ ਦੀ ਪਹਿਲੀ ਤਸਵੀਰ ਇਲਾਕੇ ਦੇ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਕਥਿਤ ਤੌਰ ’ਤੇ ਫਰੀਦਾਬਾਦ ਵਿੱਚ ਅਤਿਵਾਦੀ ਮੌਡਿਊਲ ਨਾਲ ਸਬੰਧ ਸਨ, ਜਿੱਥੇ ਵਿਸਫੋਟਕ ਸਮੱਗਰੀ ਦਾ ਇੱਕ ਵੱਡਾ ਜ਼ਖੀਰਾ ਜ਼ਬਤ ਕੀਤਾ ਗਿਆ ਸੀ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਲੀਸ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਅਮੋਨੀਅਮ ਨਾਈਟ੍ਰੇਟ, ਬਾਲਣ ਤੇਲ ਅਤੇ ਡੈਟੋਨੇਟਰ ਵਰਤੇ ਗਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਧਮਾਕੇ ਅਤੇ ਫਰੀਦਾਬਾਦ ਅਤਿਵਾਦੀ ਮੌਡਿਊਲ ਵਿਚਕਾਰ ਇੱਕ ਸੰਭਾਵਿਤ ਸਬੰਧ ਹੈ ਜਿੱਥੇ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਜ਼ਬਤ ਕੀਤਾ ਗਿਆ ਸੀ, ਪਰ ਅਜੇ ‘ਅੰਤਿਮ ਰਿਪੋਰਟਾਂ ਦੀ ਉਡੀਕ ਹੈ।’
ਪੁਲੀਸ ਨੇ ਕਿਹਾ ਕਿ ਧਮਾਕੇ ਵਾਲੀ ਕਾਰ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ‘ਨਕਾਬਪੋਸ਼ ਵਿਅਕਤੀ’ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਦੇ ਆਸ-ਪਾਸ ਅਤੇ ਨਾਲ ਲੱਗਦੇ ਰਸਤਿਆਂ ਤੋਂ ਸੀਸੀਟੀਵੀ ਸਕੈਨ ਕਰਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਪੁਲੀਸ ਵੱਲੋਂ ਗੁਰੂਗ੍ਰਾਮ ਨਿਵਾਸੀ ਤੋਂ ਪੁੱਛਗਿੱਛ
November 11, 2025 10:54 am
ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਹੁੰਡਈ ਆਈ20 ਕਾਰ ਵਿੱਚ ਹੋਏ ਧਮਾਕੇ ਤੋਂ ਕੁਝ ਘੰਟਿਆਂ ਬਾਅਦ, ਪੁਲੀਸ ਨੇ ਗੁਰੂਗ੍ਰਾਮ ਦੇ ਇੱਕ ਨਿਵਾਸੀ ਤੋਂ ਪੁੱਛਗਿੱਛ ਕੀਤੀ ਜਿਸਦੇ ਨਾਮ 'ਤੇ ਗੱਡੀ ਰਜਿਸਟਰਡ ਸੀ। ਗੁਰੂਗ੍ਰਾਮ ਨਿਵਾਸੀ, ਜਿਸ ਦਾ ਨਾਮ ਸਲਮਾਨ ਦੱਸਿਆ ਜਾ ਰਿਹਾ ਹੈ, ਨੇ ਹਾਲ ਹੀ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਕਾਰ ਵੇਚੀ ਸੀ, ਹਾਲਾਂਕਿ ਇਸ ਵੇਰਵੇ ਦੀ ਪੁਸ਼ਟੀ ਹੋਣੀ ਬਾਕੀ ਹੈ। ਗੱਡੀ 'ਤੇ ਹਰਿਆਣਾ ਦਾ ਰਜਿਸਟ੍ਰੇਸ਼ਨ ਨੰਬਰ ਸੀ।
Delhi blast: ਜੰਮੂ ਕਸ਼ਮੀਰ ਪੁਲੀਸ ਨੇ ਚਾਰ ਜਣੇ ਹਿਰਾਸਤ ’ਚ ਲਏ; ਜੰਮੂ ਕਸ਼ਮੀਰ ਵੱਲੋਂ ਬੇਪਰਦ ਕੀਤੇ ਦਹਿਸ਼ਤੀ ਮੌਡਿੳੂਲ ਦਾ ਦਿੱਲੀ ਧਮਾਕੇ ਨਾਲ ਕੋਈ ਸਬੰਧ ਹੋਣ ਦਾ ਦਾਅਵਾ
November 11, 2025 9:48 am
ਇੰਟੈਲੀਜੈਂਸ ਮੁਖੀਆਂ ਨੂੰ 11 ਵਜੇ ਮਿਲਣਗੇ ਅਮਿਤ ਸ਼ਾਹ
November 11, 2025 9:44 am
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਵੇਰੇ 11 ਵਜੇ ਇੰਟੈਲੀਜੈਂਸ ਮੁਖੀਆਂ ਨੂੰ ਮਿਲਣਗੇ। ਮੀਟਿੰਗ ਵਿਚ ਕੇਂਦਰੀ ਗ੍ਰਹਿ ਸਕੱਤਰ, ਡਾਇਰੈਕਟਰ ਆਈਬੀ, ਦਿੱਲੀ ਪੁਲੀਸ ਕਮਿਸ਼ਨਰ, ਡੀਜੀ ਐਨਆਈਏ ਸ਼ਾਮਲ ਹੋਣਗੇ। ਜੰਮੂ-ਕਸ਼ਮੀਰ ਦੇ ਡੀਜੀਪੀ ਵਰਚੁਅਲੀ ਮੀਟਿੰਗ ਵਿਚ ਸ਼ਾਮਲ ਹੋਣਗੇ।
ਉੱਚ ਅਧਿਕਾਰੀਆਂ ਨਾਲ ਅੱਜ ਵਿਆਪਕ ਸਮੀਖਿਆ ਕਰਾਂਗੇ: ਸ਼ਾਹ
November 11, 2025 8:27 am
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੀ ਵਿਆਪਕ ਸਮੀਖਿਆ ਮੰਗਲਵਾਰ ਨੂੰ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਕਰਨਗੇ। ਸ਼ਾਹ ਨੇ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਜ਼ਖਮੀਆਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਕੱਲ੍ਹ ਸਵੇਰੇ, ਅਸੀਂ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਵਿਸ਼ਲੇਸ਼ਣ ਕਰਾਂਗੇ।’’
ਅਮਰੀਕਾ ਨੇ ਦਿੱਲੀ ਧਮਾਕੇ ਦੇ ਪੀੜਤਾਂ ਨਾਲ ਇਕਜੁੱਟਤਾ ਜਤਾਈ
November 11, 2025 8:24 am
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਘਾਤਕ ਧਮਾਕੇ ’ਤੇ ਸੰਵੇਦਨਾ ਪ੍ਰਗਟ ਕਰਦੇ ਹੋਏ, ਅਮਰੀਕਾ ਨੇ ਕਿਹਾ ਕਿ ਉਹ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਨੇ ਸੋਮਵਾਰ ਨੂੰ ਇੱਕ ਪੋਸਟ ਵਿੱਚ ਕਿਹਾ, ‘‘ਸਾਡੀਆਂ ਸੰਵੇਦਨਾਵਾਂ ਨਵੀਂ ਦਿੱਲੀ ਵਿੱਚ ਹੋਏ ਭਿਆਨਕ ਧਮਾਕੇ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਹਨ। ਅਸੀਂ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸਾਡੀ ਦਿਲੀ ਸੰਵੇਦਨਾ। ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਾਂ।’’
ਦਿੱਲੀ ਪੁਲੀਸ ਵੱਲੋਂ ਯੂਏਪੀਏ ਐਕਟ ਤੇ ਵਿਸਫੋਟਕ ਐਕਟ ਤਹਿਤ ਐਫਆਈਆਰ ਦਰਜ
November 11, 2025 8:05 am
ਦਿੱਲੀ ਪੁਲੀਸ ਨੇ ਸੋਮਵਾਰ ਸ਼ਾਮੀਂ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਦੇ ਸਬੰਧ ਵਿੱਚ ਯੂਏਪੀਏ ਐਕਟ ਤੇ ਵਿਸਫੋਟਕ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਹੈ
