ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ: ਪਹਿਲੇ ਦੋ ਘੰਟਿਆਂ ਵਿੱਚ 8 ਫੀਸਦ ਪੋਲਿੰਗ, ਮਹਿਲਕਲਾਂ ’ਚ ਵਿਵਾਦ, ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਪਿੰਡਾਂ ’ਚ ਪੋਲਿੰਗ ਰੱਦ
Punjab Elections: ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸਵੇਰੇ 8 ਸ਼ੁਰੂ ਹੋ ਗਈਆਂ ਹਨ ਅਤੇ ਵੋਟਿੰਗ ਸ਼ਾਮ 4 ਵਜੇ ਤੱਕ ਹੋਵੇਗੀ। ਸਵੇਰੇ 10 ਵਜੇ ਤੱਕ 8 ਫੀਸਦੀ ਪੋਲਿਗ ਦਰਜ ਕੀਤੀ ਗਈ ਹੈ।
ਇਸ ਦੌਰਾਨ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪਟਿਆਲਾ ਵਿਖੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਬਲਾਕ ਸਮਿਤੀ ਦੀ ਇਸ ਜੋਨ ਦੇ ਬੂਥ ਨੰਬਰ 20 ਉਪਰ ਬੈਲਟ ਪੇਪਰ ’ਤੇ ਅਕਾਲੀ ਦਲ ਦਾ ਚੋਣ ਨਿਸ਼ਾਨ ਨਾ ਹੋਣ ਕਾਰਨ ਰੌਲਾ ਪਿਆ ਹੈ। ਉਧਰ ਬੈਲੇਟ ਪੇਪਰਾਂ ’ਚ ਪ੍ਰਿੰਟਿੰਗ ਦੀ ਗ਼ਲਤੀ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਸਾ ਤੇ ਖੁਰਮਾਣੀਆਂ ਪਿੰਡਾਂ ਵਿਚ ਪੋਲਿੰਗ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਖਾਸਾ ਪਿੰਡ ਵਿਚ ਬੈਲੇਟ ਪੇਪਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਸਹੀ ਛਪਿਆ ਸੀ ਪਰ ਚੋਣ ਨਿਸ਼ਾਨ ਗਲਤ ਸੀ।
ਜ਼ਿਲ੍ਹਾ ਮੋਗਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਚੋਣਾਂ ਮੌਕੇ ਡਿਊਟੀ ਜਾ ਰਹੇ ਇੱਕ ਅਧਿਆਪਕ ਜੋੜੇ ਦੀ ਕਾਰ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕ ਜਸਕਰਨ ਸਿੰਘ ਵਾਸੀ ਪਿੰਡ ਧੂਰਕੋਟ ਰਣਸੀਹ, ਜ਼ਿਲ੍ਹਾ ਮੋਗਾ, ਆਪਣੀ ਪਤਨੀ ਕਰਮਜੀਤ ਕੌਰ ਨੂੰ ਕਾਰ 'ਤੇ ਪਿੰਡ ਮਾੜੀ ਮੁਸਤਫਾ ਵਿਖੇ ਚੋਣ ਡਿਊਟੀ ਲਈ ਛੱਡਣ ਜਾ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਦੀ ਕਾਰ ਨਾਲੇ ਵਿੱਚ ਡਿੱਗਣ ਦੌਰਾਨ ਪਲਟ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ 23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ ਲਈ 13,395 ਪੋਲਿੰਗ ਸਟੇਸ਼ਨਾਂ ’ਤੇ 18,718 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਸੂਬੇ ਦੇ 1,36,04,650 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। 860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ ਐਲਾਨੇ ਗਏ ਹਨ।
ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣ ਅਮਲ ਪਾਰਦਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ 44 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ।ਰਾਜ ਚੋਣ ਕਮਿਸ਼ਨ ਨੇ ਆਬਜ਼ਵਰ ਵੀ ਤਾਇਨਾਤ ਕੀਤੇ ਹਨ, ਜਿਨ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਪੰਜਾਬ ਭਰ ਵਿੱਚ ਪੋਲਿੰਗ ਸਟੇਸ਼ਨਾਂ ’ਤੇ ਵੀਡੀਓਗ੍ਰਾਫ਼ੀ ਵੀ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਵਿੱਚ 1,249 ਉਮੀਦਵਾਰ ਮੈਦਾਨ ਵਿੱਚ ਹਨ ਅਤੇ 15 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ। ਪੰਚਾਇਤ ਸਮਿਤੀ ਦੇ 2,838 ਜ਼ੋਨਾਂ ਵਿੱਚ 8,098 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ 181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ।
ਬਠਿੰਡਾ ਵਿਚ 12 ਵਜੇ ਤੱਕ 20 ਫੀਸਦ ਪੋਲਿੰਗ
December 14, 2025 1:01 pm
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਅੱਜ ਧੁੰਦ ਕਾਰਨ ਸਵੇਰੇ ਵੋਟਿੰਗ ਧੀਮੀ ਰਫ਼ਤਾਰ ਨਾਲ ਸ਼ੁਰੂ ਹੋਈ। ਜ਼ਿਲ੍ਹੇ ਵਿੱਚ ਸਵੇਰੇ 10.5 ਫੀਸਦੀ ਵੋਟਿੰਗ ਹੋਈ। ਜ਼ਿਆਦਾਤਰ ਪਿੰਡਾਂ ਵਿੱਚ 10 ਵਜੇ ਤੋਂ ਬਾਅਦ ਵੋਟਰ ਲਾਈਨਾਂ ਵਿੱਚ ਖੜ੍ਹੇ ਨਜ਼ਰ ਆਏ। ਦੁਪਹਿਰ 12 ਵਜੇ ਜ਼ਿਲ੍ਹੇ ਵਿੱਚ ਵੋਟਿੰਗ 20 ਫੀਸਦੀ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਪੈਣ ਵਾਲੀਆਂ ਵੋਟਾਂ ਲਈ ਕੁੱਲ 826 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ ਅਤਿ ਸੰਵੇਦਨਸ਼ੀਲ 141, ਸੰਵੇਦਨਸ਼ੀਲ 409 ਅਤੇ ਗੈਰ ਸੰਵੇਦਨਸ਼ੀਲ 276 ਪੋਲਿੰਗ ਬੂਥ ਸ਼ਾਮਲ ਹਨ। ਇਨ੍ਹਾਂ ਪੋਲਿੰਗ ਬੂਥਾਂ ‘ਤੇ ਚੋਣ ਲੜ ਰਹੇ 511 ਉਮੀਦਵਾਰਾਂ ਲਈ ਜ਼ਿਲ੍ਹੇ ਦੇ 647802 ਵੋਟਰਾਂ ਵਲੋਂ ਪੋਸਟਲ ਬੈਲੇਟ ਪੇਪਰ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਇਸ ਬਾਰੇ ਜ਼ਿਲ੍ਹਾ ਚੋਣ ਅਫਸਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਕੁੱਲ 647802 ਵੋਟਰਾਂ ਵਿੱਚ ਮਰਦ 340376, ਔਰਤਾਂ 307417 ਅਤੇ 9 ਥਰਡ ਜੈਂਡਰ ਸ਼ਾਮਲ ਹਨ। -ਮਨੋਜ ਸ਼ਰਮਾ
ਜ਼ਿਲ੍ਹਾ ਬਰਨਾਲਾ ਵਿੱਚ ਦੁਪਹਿਰ 12 ਵਜੇ ਤੱਕ ਕੁੱਲ 16.78 ਫੀਸਦੀ ਵੋਟਿੰਗ
December 14, 2025 12:55 pm
ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਦੁਪਿਹਰ 12 ਵਜੇ ਤੱਕ ਕੁੱਲ 16.78 ਫੀਸਦੀ ਵੋਟਾਂ ਪੋਲ ਹੋਈਆਂ। ਇਸ ਦੌਰਾਨ ਬਰਨਾਲਾ - 19.40%, ਮਹਿਲ ਕਲਾਂ - 16.33%, ਸਹਿਣਾ - 15.82%। ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਹਿਰ 12 ਵਜੇ ਤੱਕ ਕੁੱਲ ਵੋਟਿੰਗ ਪ੍ਰਤੀਸ਼ਤ 16.78% ਹੈ। -ਪਰਸ਼ੋਤਮ ਬੱਲੀ
ਇਸ ਦੌਰਾਨ ਦੁਪਹਿਰ 12 ਵਜੇ ਤੱਕ ਖਰੜ 22.9 ਫੀਸਦੀ, ਡੇਰਾਬੱਸੀ 24.4 ਫੀਸਦੀ ਅਤੇ ਮਾਜਰੀ ਵਿੱਚ 25.60 ਫੀਸਦੀ ਪੋਲਿੰਗ ਹੋਈ।
December 14, 2025 12:53 pm
ਮੋਗਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ 12 ਵਜੇ ਤੱਕ ਦੀ 17.49 ਫੀਸਦ ਪੋਲਿੰਗ
December 14, 2025 12:47 pm
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੋਗਾ- 18.18ਫੀਸਦੀ ਪੰਚਾਇਤ ਸੰਮਤੀ ਬਾਘਾਪੁਰਾਣਾ- 17.91 ਫੀਸਦੀ ਬਲਾਕ ਸੰਮਤੀ ਕੋਟ ਈਸੇ ਖਾਂ- 20.24 ਫੀਸਦੀ ਪੰਚਾਇਤ ਸੰਮਤੀ ਧਰਮਕੋਟ- 18.82 ਫੀਸਦੀ ਪੰਚਾਇਤ ਸੰਮਤੀ ਨਿਹਾਲ ਸਿੰਘ ਵਾਲਾ - 15.16 ਕੁੱਲ ਪੋਲਿੰਗ - 17.49 ਫੀਸਦੀ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਦੁਪਹਿਰ 12 ਵਜੇ ਤੱਕ 20% ਪੋਲਿੰਗ
December 14, 2025 12:45 pm
ਵਿਧਾਇਕ ਢੋਸ ਨੇ ਵੋਟ ਪਾਈ
December 14, 2025 12:45 pm

ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੇ ਜੱਦੀ ਪਿੰਡ ਕੈਲਾ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਹੈ। । ਵਿਧਾਇਕ ਨੇ ਕਿਹਾ ਕਿ ਹਲਕੇ ਅੰਦਰ ਵੋਟਾਂ ਦਾ ਕੰਮ ਪੂਰੇ ਅਮਨ ਅਮਾਨ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਸੂਬੇ ਦੇ ਚੋਣ ਕਮਿਸ਼ਨ ਵੱਲੋਂ ਵੋਟ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸਰਾਹਣਾ ਕੀਤੀ। ਇਸ ਮੌਕੇ ਵਿਧਾਇਕ ਨੇ ਧਰਮਕੋਟ ਦੇ ਵੱਖ ਵੱਖ ਚੋਣ ਬੂਥਾਂ ਕੰਨੀਆਂ, ਬਾਜੇਕੇ, ਭੈਣੀ, ਸ਼ੇਰਪੁਰ ਤਾਇਬਾ ਅਤੇ ਬੱਗੇ ਸ਼ੇਰੇਵਾਲਾ ਆਦਿ ਦਾ ਦੌਰਾ ਵੀ ਕੀਤਾ। -ਹਰਦੀਪ ਸਿੰਘ
ਬੈਲੇਟ ਪੇਪਰਾਂ ’ਚ ਪ੍ਰਿੰਟਿੰਗ ਦੀ ਗ਼ਲਤੀ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਸਾ ਤੇ ਖੁਰਮਾਣੀਆਂ ਪਿੰਡਾਂ ਵਿਚ ਪੋਲਿੰਗ ਰੱਦ
December 14, 2025 12:40 pm
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਵੋਟਿੰਗ ਜਾਰੀ ਹੈ ਤੇ ਸਵੇਰੇ 11 ਵਜੇ ਤੱਕ 7.1 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਪਹਿਲੀਆਂ ਚੋਣਾਂ ਦੇ ਉਲਟ ਐਤਕੀਂ ਵੋਟਿੰਗ ਈਵੀਐੱਮਜ਼ ਦੀ ਬਜਾਏ ਬੈਲੇਟ ਪੇਪਰਾਂ ਰਾਹੀਂ ਕੀਤੀ ਜਾ ਰਹੀ ਹੈ। ਹਾਲਾਂਕਿ, ਅੰਮ੍ਰਿਤਸਰ ਦੇ ਅਟਾਰੀ ਬਲਾਕ ਦੇ ਖੁਰਮਾਣੀਆਂ ਅਤੇ ਖਾਸਾ ਪਿੰਡਾਂ ਵਿੱਚ ਪੋਲਿੰਗ ਰੱਦ ਕਰ ਦਿੱਤੀ ਗਈ ਹੈ। ਬੈਲੇਟ ਪੇਪਰਾਂ ਵਿੱਚ ਤਕਨੀਕੀ ਗ਼ਲਤੀ ਦਾ ਪਤਾ ਲੱਗਣ ਮਗਰੋਂ ਪੋਲਿੰਗ ਰੱਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਖਾਸਾ ਪਿੰਡ ਵਿਚ ਬੈਲੇਟ ਪੇਪਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਸਹੀ ਛਪਿਆ ਸੀ ਪਰ ਚੋਣ ਨਿਸ਼ਾਨ ਗਲਤ ਸੀ। ਗ਼ਲਤੀ ਦਾ ਪਤਾ ਲੱਗਦੇ ਹੀ ਇਨ੍ਹਾਂ ਖੇਤਰਾਂ ਵਿੱਚ ਵੋਟਿੰਗ ਤੁਰੰਤ ਰੋਕ ਦਿੱਤੀ ਗਈ। ਸਬ-ਡਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਰਾਕੇਸ਼ ਕੁਮਾਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਨੇ ਖ਼ੁਦ ਨੂੰ ਪਾਈ ਪਹਿਲੀ ਵੋਟ
December 14, 2025 12:35 pm

ਕੱਦੋਂ ਜੋਨ ਤੋ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਅਭੈ ਸਿੰਘ ਬੈਂਸ ਨੇ ਆਪਣੇ ਜੱਦੀ ਪਿੰਡ ਜੱਲਾ ਵਿਖੇ ਆਪਣੀ ਪਹਿਲੀ ਵੋਟ ਖ਼ੁਦ ਨੂੰ ਪਾਈ ਹੈ। ਬੈਂਸ ਨੂੰ ਪਾਰਟੀ ਨੇ ਸਭ ਤੋਂ ਛੋਟੀ ਉਮਰ (22 ਸਾਲ) ਦਾ ਪਾਰਟੀ ਦਾ ਉਮੀਦਵਾਰ ਬਣਾਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਭੈ ਸਿੰਘ ਬੈਂਸ ਪਟਿਆਲਾ ਯੂਨੀਵਰਸਿਟੀ ਵਿੱਚ ਦੂਜੇ ਸਾਲ ਦਾ ਲਾਅ ਦਾ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਆਪਣੀ ਵੋਟ ਦਾ ਮਤਦਾਨ ਕਰ ਰਹੇ ਹਨ। -ਦੇਵਿੰਦਰ ਸਿੰਘ ਜੱਗੀ
ਬੈਲਟ ਪੇਪਰ ’ਤੇ ਅਕਾਲੀ ਦਲ ਦਾ ਚੋਣ ਨਿਸ਼ਾਨ ਨਾ ਹੋਣ ਕਾਰਨ ਵਿਵਾਦ
December 14, 2025 12:22 pm

ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪਟਿਆਲਾ ਵਿਖੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਬਲਾਕ ਸਮਿਤੀ ਦੀ ਇਸ ਜੋਨ ਦੇ ਬੂਥ ਨੰਬਰ 20 ਉਪਰ ਬੈਲਟ ਪੇਪਰ ’ਤੇ ਅਕਾਲੀ ਦਲ ਦਾ ਚੋਣ ਨਿਸ਼ਾਨ ਨਾ ਹੋਣ ਕਾਰਨ ਰੌਲਾ ਪਿਆ ਹੈ। ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ਨੇ ਕਿਹਾ ਕਿ ਸਰਕਾਰ ਸਿੱਧੇ ਤੌਰ 'ਤੇ ਧੱਕੇਸ਼ਾਹੀ ਉਪਰ ਉਤਰ ਆਈ ਹੈ। ਜਿਸ ਕਾਰਨ ਪੋਸਟਲ ਬੈਲਟ ਪੇਪਰ ਤੋਂ ਅਕਾਲੀ ਦਲ ਨੂੰ ਹਟਾ ਦਿੱਤਾ ਗਿਆ ਹੈ ਤਾਂ ਕਿ ਵੋਟ ਅਕਾਲੀ ਦਲ ਨੂੰ ਨਾ ਪਵੇ। ਇਸ ਮਾਮਲੇ ਦਾ ਵਿਵਾਦ ਪੈਦਾ ਹੋਣ ਤੋਂ ਬਾਅਦ ਮੌਕੇ ਉਪਰ ਮਹਿਲ ਕਲਾਂ ਦੇ ਐਸਡੀਐਮ ਬੇਅੰਤ ਸਿੰਘ ਅਤੇ ਡੀਐਸਪੀ ਜਸਪਾਲ ਸਿੰਘ ਪਹੁੰਚੇ ਹਨ ਅਤੇ ਅਕਾਲੀ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। -ਲਖਵੀਰ ਸਿੰਘ ਚੀਮਾ
ਮਹਿਲ ਕਲਾਂ: ਵੋਟਰਾਂ ਵਿੱਚ ਉਤਸ਼ਾਹ ਮੱਠਾ
December 14, 2025 11:17 am

ਸੂਬੇ ਭਰ ਵਿੱਚ ਪੈ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਮਹਿਲਕਲਾਂ ਬਲਾਕ ਵਿੱਚ ਵੋਟਰਾਂ ਦਾ ਉਤਸ਼ਾਹ ਮੱਠਾ ਹੀ ਦਿਖਾਈ ਦੇ ਰਿਹਾ ਹੈ। ਸਵੇਰੇ 10 ਵਜੇ ਤੱਕ ਮਹਿਲ ਕਲਾਂ ਬਲਾਕ ਵਿੱਚ ਕੇਵਲ 6.68 ਫੀਸਦੀ ਵੋਟ ਹੀ ਪੋਲ ਹੋਈ ਹੈ। ਉੱਥੇ ਕਈ ਥਾਵਾਂ ਤੇ ਪੋਲਿੰਗ ਬੂਥਾਂ 'ਤੇ ਘੱਟ ਵੋਟਰ ਹੀ ਨਜ਼ਰ ਆ ਰਹੇ ਹਨ। -ਲਖਵੀਰ ਸਿੰਘ ਚੀਮਾ
ਮਾਨਸਾ: ਵਿਧਾਇਕ ਗੁਰਪ੍ਰੀਤ ਬਣਾਂਵਾਲੀ ਵੋਟ ਪਾਉਣ ਪੁੱਜੇ
December 14, 2025 9:59 am

ਮਾਨਸਾ ਵਿੱਚ ਵੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਲੋਕਾਂ ਨੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਵੋਟਰ ਬਹੁਤ ਉਤਸ਼ਾਹਿਤ ਸਨ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪੁੱਜੇ। -ਜੋਗਿੰਦਰ ਸਿੰਘ ਮਾਨ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਈ ਵੋਟ
December 14, 2025 9:07 am

ਪੰਜਾਬ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਸਵੇਰੇ ਕਰੀਬ 8.10 ਵਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਜੱਦੀ ਪਿੰਡ ਗੰਭੀਰਪੁਰ ਵਿੱਚ ਸਥਿਤ ਪੋਲਿੰਗ ਬੂਥ ’ਤੇ ਪਹੁੰਚ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਪਿਤਾ ਸਰਦਾਰ ਸੋਹਣ ਸਿੰਘ ਬੈਂਸ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ ਅਤੇ ਉਨ੍ਹਾਂ ਵੱਲੋਂ ਵੀ ਵੋਟ ਪਾਈ ਗਈ। ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਲੋਕਤੰਤਰ ਦੀ ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਰਾਹੀਂ ਲੋਕਾਂ ਨੂੰ ਆਪਣੇ ਖੇਤਰਾਂ ਦੇ ਵਿਕਾਸ ਲਈ ਯੋਗ ਨੁਮਾਇੰਦੇ ਚੁਣਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। -ਬੀ.ਐਸ. ਚਾਨਾ
