ਗੁਰਬਖਸ਼ਪੁਰੀ
ਤਰਨ ਤਾਰਨ, 13 ਸਤੰਬਰ
ਜ਼ਿਲ੍ਹੇ ਅੰਦਰ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਅਜੇ ਤੱਕ ਸੁਖਾਵਾਂ ਮੋੜ ਕੱਟਣ ਵੱਲ ਵੱਧ ਰਹੀਆਂ ਦਿਖਾਈ ਨਹੀਂ ਦੇ ਰਹੀਆਂ। ਦੂਜੇ ਪਾਸੇ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਥਿਤੀ ਵਿੱਚ ਸੁਧਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ| ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਠੱਠੀ ਜੈਮਲ ਸਿੰਘ, ਮਸਤਗੜ੍ਹ, ਕਾਲੀਆ, ਸਨਕਤਰਾ, ਗਜਲ, ਨੂਰਵਾਲਾ, ਕਲਸ, ਖੇਮਕਰਨ ਆਦਿ ਪਿੰਡ ਸ਼ਾਮਲ ਹਨ|
ਅੱਜ ਪੱਟੀ ਦੀ ਐਸਡੀਐਮ ਅਲਕਾ ਕਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਥਿਤੀ ਵਿੱਚ ਬਹੁਤ ਸੁਧਾਰ ਹੋਣ ਦਾ ਦਾਅਵਾ ਕੀਤਾ| ਡਰੇਨੇਜ਼ ਵਿਭਾਗ ਦੇ ਐਕਸੀਅਨ ਦਵਿੰਦਰ ਕੁਮਾਰ ਨੇ ਦਾਅਵਾ ਕੀਤਾ ਕਿ ਸਾਰੇ ਪਿੰਡਾਂ ਅੰਦਰ ਕਸੂਰ ਨਾਲੇ ਦੇ ਪਾਣੀ ਦਾ ਪੱਧਰ ਹੇਠਾਂ ਹੋ ਗਿਆ ਹੈ|
ਦੂਜੇ ਪਾਸੇ, ਇਲਾਕੇ ਦੇ ਪਿੰਡ ਕਲਸ ਦੇ ਸਾਬਕਾ ਸਰਪੰਚ ਹਰਮੰਦਰ ਸਿੰਘ ਅਤੇ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡਾਂ ਅੰਦਰ ਪਸ਼ੂਆਂ ਲਈ ਹਰਾ-ਚਾਰਾ ਅਤੇ ਟੀਕੇ ਆਦਿ ਲਗਾਉਣ ਲਈ ਮੈਡੀਕਲ ਟੀਮਾਂ ਨਹੀਂ ਆਈਆਂ| ਕਲਸ ਪਿੰਡ ਦੀ ਅਜੇ ਵੀ 100 ਏਕੜ ਜ਼ਮੀਨ ਪਾਣੀ ਵਿੱਚ ਡੁੱਬੀ ਹੋਈ ਹੈ| ਠੱਠੀ ਜੈਮਲ ਸਿੰਘ, ਕਾਲੀਆ, ਸਨਕਤਰਾ, ਨੂਰਵਾਲਾ ਸਣੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਮੀਂਹ ਦਾ ਪਾਣੀ ਸੋਮਵਾਰ ਨੂੰ ਵੀ ਖੜ੍ਹਾ ਸੀ| ਇਲਾਕੇ ਦੇ ਪਿੰਡ ਮਸਤਗੜ੍ਹ ਦੇ 50 ਦੇ ਕਰੀਬ ਘਰਾਂ ਅੰਦਰ ਬਾਰਸ਼ ਦਾ ਪਾਣੀ ਅਜੇ ਵੀ ਭਰਿਆ ਖੜ੍ਹਾ ਹੈ| ਲੋਕਾਂ ਖਾਸ ਕਰ ਕੇ ਕਿਸਾਨਾਂ ਕਿਹਾ ਕਿ ਫ਼ਸਲਾਂ ਖ਼ਰਾਬ ਹੋਣ ਅਤੇ ਘਰ ਦੀਆਂ ਇਮਾਰਤਾਂ ਨੂੰ ਹੋਏ ਨੁਕਸਾਨ ਆਦਿ ਦੀ ਗਿਰਦਾਵਰੀ ਕਰਵਾਉਣ ਲਈ ਅਜੇ ਪ੍ਰਸ਼ਾਸ਼ਨ ਨੇ ਕਾਰਵਾਈ ਸ਼ੁਰੂ ਨਹੀਂ ਕੀਤੀ|
ਇਸ ਸਬੰਧੀ ਜ਼ਿਲ੍ਹਾ ਮਾਲ ਅਧਿਕਾਰੀ (ਡੀਆਰਓ) ਅਰਵਿੰਦਰਪਾਲ ਸਿੰਘ ਨੇ ਜਾਣਕਾਰੀ ਦੇਣ ਲਈ ਕੋਈ ਹੁੰਗਾਰਾ ਨਹੀਂ ਦਿੱਤਾ|