ਰਾਜਨ ਮਾਨ
ਮਜੀਠਾ, 13 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ ਜੀਜਾ ਸਾਲੇ ਦੀ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ ਹੈ ਇਥੇ ਆਮ ਵਰਕਰ ਦੀ ਨਹੀਂ ਸਗੋਂ ਪਰਿਵਾਰਵਾਦ ਦੀ ਗੱਲ ਹੁੰਦੀ ਹੈ। ਉਹ ਅੱਜ ਪਿੰਡ ਨਿਜ਼ਾਮਪੁਰ ਦੇ ਨੌਜਵਾਨ ਆਗੂ ਤੇ ਸਾਬਕਾ ਸਰਪੰਚ ਹਰਿੰਦਰ ਸਿੰਘ ਨਿਜ਼ਾਮਪੁਰਾ ਦਾ ਸੈਂਕੜੇ ਸਾਥੀਆਂ ਸਮੇਤ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਉਹ ਮਾਣ ਮਹਿਸੂਸ ਕਰ ਰਹੇ ਹਨ ਤੇ ਇਨ੍ਹਾਂ ਨੇ ਉਸ ਵੱਲੋਂ ਹਲਕੇ ਅੰਦਰ ਦੋ ਸਾਲਾਂ ’ਚ ਕੀਤੇ ਵਿਕਾਸ ਕਾਰਜਾਂ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਪੰਜਾਬ ਦੀਆਂ ਦੁਸ਼ਮਣ ਜਮਾਤਾਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਿਰਫ ਪਰਿਵਾਰਵਾਦ ਨੂੰ ਅਹਿਮੀਅਤ ਦਿੱਤੀ ਹੈ ਨਾ ਕਿ ਪੰਜਾਬ ਦੇ ਲੋਕਾਂ ਨੂੰ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਜਿਹੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਇਸ ਲਈ ਅਕਾਲੀ ਦਲ ਤੇ ਭਾਜਪਾ ਮੁੱਖ ਰੂਪ ਵਿੱਚ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਅੱਜ ਚੋਣ ਲੜਨ ਲਈ ਮੁੱਦੇ ਨਹੀਂ ਲੱਭ ਰਹੇ। ਭਾਜਪਾ ਨੇ ਜਿਹੜਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਹੈ ਉਸ ਨੇ ਹਾਰਨ ਤੋਂ ਬਾਅਦ ਨਜ਼ਰ ਨਹੀਂ ਆਉਣਾ ਜਿਵੇਂ ਪਿਛਲੀਵਾਰ ਹਰਦੀਪ ਪੁਰੀ ਨਜ਼ਰ ਨਹੀਂ ਆਏ। ਉਨ੍ਹਾਂ ਕਿਹਾ ਇਹ ਸਭ ਫਸਲੀ ਬਟੇਰ ਹਨ।
ਅਕਾਲੀ ਉਮੀਦਵਾਰ ’ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਜਿਸ ਪਾਰਟੀ ਵਿਚ ਪੰਜਾਬ ਨੂੰ ਬਰਬਾਦ ਕਰਨ ਵਾਲੇ ਮਜੀਠੀਆ ਵਰਗੇ ਬੰਦੇ ਹਨ ਉਸ ਪਾਰਟੀ ਦੇ ਉਮੀਦਵਾਰ ਵੀ ਇਹੋ ਜਿਹੇ ਹੀ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੀਤੇ ਕੰਮਾਂ ਕਰਕੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਨਾ ਲਾਉਣ। ਇਸ ਮੌਕੇ ’ਤੇ ਮਨਜੀਤ ਸਿੰਘ ਭੁੱਲਰ ਸਮੇਤ ਅਨੇਕਾਂ ਆਗੂ ਤੇ ਲੋਕ ਹਾਜ਼ਰ ਸਨ।