ਮਕਬੂਲ ਅਹਿਮਦ
ਕਾਦੀਆਂ, 13 ਮਈ
ਕਾਦੀਆਂ ਨੇੜਲੇ ਪਿੰਡ ਕਾਹਲਵਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਿੰਡ ਵਿੱਚ ਗੰਦੇ ਪਾਣੀ ਦੇ ਨਿਕਾਸੀ ਲਈ ਕੋਈ ਢੁਕਵਾਂ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਗੇ। ਪਿੰਡ ਵਾਸੀ ਸੋਨੀਆ ਦਾ ਕਹਿਣਾ ਹੈ ਗਲੀ ਵਿੱਚ ਪਾਣੀ ਖੜ੍ਹਨ ਕਾਰਨ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਕੂਲ ਜਾਣ ਸਮੇਂ ਡਿੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਜਿਹੜਾ ਵੀ ਆਗੂ ਪਿੰਡ ਵਿੱਚ ਵੋਟਾਂ ਮੰਗਣ ਆਵੇਗਾ ਉਸ ਨੂੰ ਮੂੰਹ ਨਹੀਂ ਲਗਾਇਆ ਜਾਵੇਗਾ। ਪਿੰਡ ਵਾਸੀ ਦੇਸਾ ਦਾ ਕਹਿਣਾ ਹੈ ਕਿ ਥਾਪਰ ਯੋਜਨਾ ਤਹਿਤ ਲਗਾਇਆ ਪ੍ਰਾਜੈਕਟ ਨਿਰਧਾਰਤ ਸਥਾਨ ’ਤੇ ਨਹੀਂ ਸਥਾਪਿਤ ਕੀਤਾ ਗਿਆ। ਲਖਵਿੰਦਰ ਸਿੰਘ ਨੇ ਸਿਆਸੀ ਆਗੂਆਂ ’ਤੇ ਦੋਸ਼ ਲਾਇਆ ਹੈ ਕਿ ਥਾਪਰ ਪਲਾਂਟ ਅਧੂਰਾ ਬਣਾਇਆ ਗਿਆ ਹੈ ਅਤੇ ਗ਼ਲਤ ਥਾਂ ਲਗਾਇਆ ਗਿਆ ਹੈ। ਪਿੰਡ ਦੇ ਨੰਬਰਦਾਰ ਜੈਮਲ ਸਿੰਘ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸਿਆਸੀ ਆਗੂਆਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਸਮਰਥਕਾਂ ਨੂੰ ਖ਼ੁਸ਼ ਕਰਨ ਦੀ ਖ਼ਾਤਰ ਬਗੈਰ ਯੋਜਨਾ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਥਾਪਰ ਯੋਜਨਾ ਤਹਿਤ ਪ੍ਰਾਜੈਕਟ ਲਾਉਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਆਗੂਆਂ ਨੇ ਸਿਆਣਪ ਨਾਲ ਕੰਮ ਕੀਤਾ ਹੁੰਦਾ ਤਾਂ ਇਸ ਤਰ੍ਹਾਂ ਦੀ ਕੋਈ ਦਿੱਕਤ ਪਿੰਡ ਵਾਸੀਆਂ ਨੂੰ ਨਹੀਂ ਆਉਣੀ ਸੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਦਾ ਜਾਇਜ਼ਾ ਲੈ ਕੇ ਗੰਦੇ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ।