ਜੋਗਿੰਦਰ ਸਿੰਘ ਮਾਨ
ਮਾਨਸਾ, 1 ਨਵੰਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਨੂੰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਅੱਜ ਸਵੇਰੇ ਮਾਨਸਾ ਪੁਲੀਸ ਨੇ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਾਉਣ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕਰਕੇ 8 ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਮਾਨਸਾ ਪੁਲੀਸ ਦੀ ਟੀਮ ਨੇ ਟੀਨੂ ਨੂੰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਲੰਘੀ ਦੇਰ ਰਾਤ ਸੀਆਈਏ ਪੁਲੀਸ ਸਟੇਸ਼ਨ ਮਾਨਸਾ ਵਿੱਚ ਰੱਖਿਆ ਸੀ। ਇਸੇ ਸੀਆਈਏ ਪੁਲੀਸ ਸਟੇਸ਼ਨ ਤੋਂ ਹੀ ਦੀਪਕ ਟੀਨੂ ਪਹਿਲੀ ਅਕਤੂਬਰ ਨੂੰ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ ਫਰਾਰ ਹੋਇਆ ਸੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਹੁਣ ਉਸ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ 9 ਨਵੰਬਰ ਨੂੰ ਮਾਨਸਾ ਦੀ ਅਦਾਲਤ ਵਿੱਚ ਮੁੜ ਪੇਸ਼ ਕੀਤਾ ਜਾਵੇਗਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਟੀਨੂ ਨੂੰ ਸੀਆਈਏ ਪਟਿਆਲਾ ਵਿੱਚ ਭੇਜਿਆ ਗਿਆ ਹੈ। ਦੀਪਕ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਸਰਕਾਰ ਵੱਲੋਂ ਬਣਾਈ ‘ਸਿਟ’ ਦੇ ਚੇਅਰਮੈਨ ਆਈਜੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਉਸ ਤੋਂ ਪਟਿਆਲਾ ਵਿੱਚ ਹੀ ਪੁੱਛ-ਪੜਤਾਲ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਮੰਨਿਆ ਕਿ ਟੀਨੂ ਤੋਂ ਪੁੱਛ-ਪੜਤਾਲ ਲਈ 100 ਤੋਂ ਵੱਧ ਸਵਾਲਾਂ ਦਾ ਇੱਕ ਚਿੱਠਾ ਤਿਆਰ ਕੀਤਾ ਹੈ।
ਗੈਂਗਸਟਰ ਟੀਨੂੰ ਨੂੰ ਸੀਆਈਏ ਪਟਿਆਲਾ ਵਿੱਚ ਰੱਖਿਆ
ਪਟਿਆਲਾ (ਸਰਬਜੀਤ ਸਿੰਘ ਭੰਗੂ): ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਗੈਂਗਸਟਰ ਟੀਨੂ ਦਾ ਮਾਨਸਾ ਅਦਾਲਤ ਤੋਂ ਪੁਲੀਸ ਰਿਮਾਂਡ ਮਿਲਣ ਮਗਰੋਂ ਸੀਆਈਏ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।