ਧਨੌਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁੱਬੇ ਵਿੱਚ ਲੰਘੀ ਰਾਤ ਇੱਕ ਨੌਜਵਾਨ ਰਾਜੇਸ਼ ਸਿੰਘ (30) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਤਨੀ ਰੀਨਾ ਕੌਰ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜੇਸ਼ ਪਿੰਡ ਦੇ ਕਿਸੇ ਜ਼ਿਮੀਦਾਰ ਕੋਲ ਬਤੌਰ ਸੀਰੀ ਕੰਮ ਕਰਦਾ ਸੀ। ਲੰਘੀ ਰਾਤ 8 ਵਜੇ ਉਹ ਕੰਮ ਤੋਂ ਪਰਤਿਆ ਤਾਂ ਕੁੱਝ ਸਮੇਂ ਬਾਅਦ ਚਾਰ ਵਿਅਕਤੀ ਜਬਰੀ ਘਰ ਵਿੱਚ ਦਾਖਲ ਹੋ ਕੇ ਰਾਜੇਸ਼ ਨੂੰ ਘੜੀਸਦੇ ਹੋਏ ਬਾਹਰ ਲੈ ਗਏ। ਬਾਹਰ ਕੁਝ ਵਿਅਕਤੀ ਹੋਰ ਖੜ੍ਹੇ ਸਨ। ਉਨ੍ਹਾਂ ਰਾਜੇਸ਼ ਨੂੰ ਰੱਸੇ ਨਾਲ ਬੰਨ੍ਹ ਦਿੱਤਾ ਤੇ ਕਹੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕਹੀ ਦੀਆਂ ਡੂੰਘੀਆਂ ਸੱਟਾਂ ਵੱਜਣ ਕਾਰਨ ਰਾਜੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਹਮਲਾਵਰ ਕੁੁੱਬੇ ਪਿੰਡ ਨਾਲ ਹੀ ਸਬੰਧਤ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਹੈ।