ਗਗਨਦੀਪ ਅਰੋੜਾ
ਲੁਧਿਆਣਾ , 4 ਫਰਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ ਗ੍ਰਿਫ਼ਤਾਰੀ ਬਾਰੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦਾ ਨਾਂ ਬਦਲ ਕੇ ਹੁਣ ਈਡੀ ਜਾਂ ਸੀਬੀਆਈ ਰੱਖ ਦੇਣਾ ਚਾਹੀਦਾ ਹੈ। ਚੋਣਾਂ ਨੇੜੇ ਆਉਂਦੇ ਹੀ ਪੰਜਾਬ ਦੇ ਲੋਕਾਂ ਨੂੰ ਦੱਬਣ ਲਈ ਭਾਜਪਾ ਵੱਲੋਂ ਈਡੀ ਤੇ ਸੀਬੀਆਈ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵੱਡੇ ਆਗੂ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਗ਼ਲਤ ਤਰੀਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਨੇ ਸਾਰੀ ਰਾਤ ਉਸ ਨੂੰ ਆਪਣੇ ਦਫ਼ਤਰ ਰੱਖਿਆ ਅਤੇ ਉਸ ’ਤੇ ਤਸ਼ੱਦਦ ਕੀਤਾ। ਹੁਣ ਈਡੀ ਜੋ ਚਾਹੇਗੀ, ਗ਼ਲਤ ਤਰੀਕੇ ਨਾਲ ਉਸ ਤੋਂ ਸੱਦ ਲਿਆ ਜਾਵੇਗਾ। ਸ੍ਰੀ ਬਿੱਟੂ ਨੇ ਕਿਹਾ ਕਿ ਭਾਜਪਾ ਹੇਠਲੇ ਪੱਧਰ ’ਤੇ ਡਿੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਤੇ ਮੋਦੀ ਖ਼ਿਲਾਫ਼ ਮੋਰਚਾ ਖੋਲ੍ਹੀ ਰੱਖਿਆ ਅਤੇ ਭਾਜਪਾ ਹੁਣ ਇਸ ਦਾ ਬਦਲਾ ਲੈ ਰਹੀ ਹੈ। ਕਦੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਜਿਉਂਦੇ ਬਚ ਕੇ ਆ ਗਏ ਅਤੇ ਕਦੇ ਈਡੀ ਰਾਹੀਂ ਵੱਡੇ ਆਗੂਆਂ ’ਤੇ ਛਾਪੇ ਮਰਵਾ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਈ ਕਮਾਂਡ ਨੇ 6 ਫਰਵਰੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ।