ਮਹਾਰਾਜਗੰਜ/ਬਲੀਆ, 28 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਭਰਦੀਆਂ ਕੌਮਾਂਤਰੀ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਡਾ ਸੂਬਾ ਹੋਣ ਕਰਕੇ ਉੱਤਰ ਪ੍ਰਦੇਸ਼ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭਾਰਤ ਨੂੰ ਤਾਕਤਵਰ ਬਣਾਏ। ਉਂਜ ਮੋਦੀ ਨੇ ਮਹਾਰਾਜਗੰਜ ਰੈਲੀ ਦੌਰਾਨ ਯੂਕਰੇਨ ਸੰਕਟ ਦਾ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਬਲੀਆ ’ਚ ਵੀ ਰੈਲੀ ਨੂੰ ਸੰਬੋਧਨ ਕੀਤਾ। ਇਨ੍ਹਾਂ ਦੋਵੇਂ ਥਾਵਾਂ ’ਤੇ ਛੇਵੇਂ ਗੇੜ ਦੀਆਂ ਵੋਟਾਂ 3 ਮਾਰਚ ਨੂੰ ਪੈਣਗੀਆਂ। ਮਹਾਰਾਜਗੰਜ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਦੇਸ਼ ਦੇ ਸਰਹੱਦੀ ਇਲਾਕਿਆਂ ’ਚ ਆਰਥਿਕ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ‘ਵਾਇਬ੍ਰੈਂਟ ਵਿਲੇਜ’ ਯੋਜਨਾ ਸ਼ੁਰੂ ਕੀਤੀ ਹੈ। ‘ਦੁਨੀਆ ਨੂੰ ਇਸ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੋਈ ਵੀ ਅਜਿਹੇ ਹਾਲਾਤ ਤੋਂ ਬਚਿਆ ਨਹੀਂ ਰਹਿ ਸਕਦਾ ਹੈ। ਇਸ ਦਾ ਦੁਨੀਆ ਦੇ ਹਰੇਕ ਨਾਗਰਿਕ ’ਤੇ ਅਸਰ ਪਵੇਗਾ। ਅਜਿਹੇ ਹਾਲਾਤ ’ਚ ਸਭ ਤੋਂ ਵੱਡੀ ਲੋੜ ਭਾਰਤ ਨੂੰ ਮਜ਼ਬੂਤ ਬਣਾਉਣ ਦੀ ਹੈ। ਖੇਤੀ ਤੋਂ ਲੈ ਕੇ ਫ਼ੌਜ, ਸਾਗਰ ਤੋਂ ਪੁਲਾੜ ਤੱਕ ਹਰੇਕ ਖੇਤਰ ’ਚ ਭਾਰਤ ਨੂੰ ਤਾਕਤਵਰ ਬਣਾਉਣਾ ਹੈ।’ ਸਰਹੱਦੀ ਇਲਾਕਿਆਂ ਲਈ ਸ਼ੁਰੂ ਕੀਤੀ ਗਈ ਨਵੀਂ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਨੇਪਾਲ ਸਰਹੱਦ ਨਾਲ ਲਗਦੇ ਇਲਾਕਿਆਂ ’ਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਮੁੱਖ ਸੜਕਾਂ ਚਾਹੁੰ-ਮਾਰਗੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਸ਼ੀਨਗਰ ’ਚ ਕੌਮਾਂਤਰੀ ਹਵਾਈ ਅੱਡੇ ਦੀ ਉਸਾਰੀ ਮਗਰੋਂ ਸੈਲਾਨੀਆਂ ਦੀ ਗਿਣਤੀ ਵਧ ਜਾਵੇਗੀ। ਮਹਾਰਾਜਗੰਜ, ਨੇਪਾਲ ਦੀ ਸਰਹੱਦ ਨਾਲ ਲਗਦਾ ਹੈ। ਬਲੀਆ ਰੈਲੀ ’ਚ ਸ੍ਰੀ ਮੋਦੀ ਨੇ ਕਿਹਾ ਕਿ ਯੂਪੀ ਦੇ ਲੋਕ ਜਾਤ-ਪਾਤ ਦੀ ਰਾਜਨੀਤੀ ’ਚ ਨਹੀਂ ਫਸਣਗੇ। ਉਨ੍ਹਾਂ ਕਿਹਾ ਕਿ ਕਈ ਲੋਕ ਕਿਸਾਨਾਂ ਦੀ ਗੱਲ ਕਰਦੇ ਹਨ ਪਰ ਛੋਟੇ ਕਿਸਾਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ ਹੈ। -ਪੀਟੀਆਈ
ਬਸਪਾ ਉਮੀਦਵਾਰਾਂ ਦੀ ਸੂਚੀ ‘ਮੁਸਲਿਮ ਲੀਗ’ ਦੇ ਆਗੂਆਂ ਵਰਗੀ: ਯੋਗੀ
ਗੋਰਖਪੁਰ/ਦਿਓਰੀਆ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਰੋਧੀ ਧਿਰ ’ਤੇ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦੀ ਸਿਆਸਤ ਖੇਡਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਬਸਪਾ ਦੇ ਉਮੀਦਵਾਰਾਂ ਦੀ ਸੂਚੀ ‘ਮੁਸਲਿਮ ਲੀਗ’ ਦੇ ਆਗੂਆਂ ਨਾਲ ਮੇਲ ਖਾਂਦੀ ਹੈ। ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਆਪਣਾ ਵੋਟ ਬੈਂਕ ਵਧਾਉਣ ਲਈ ਫਿਰਕਿਆਂ ’ਚ ਨਫ਼ਰਤ ਫੈਲਾਈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸੂਚੀ ’ਚ ਅਪਰਾਧੀਆਂ, ਗੁੰਡਿਆਂ ਅਤੇ ਦੰਗਾਕਾਰੀਆਂ ਦੇ ਨਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਪਾ ਦੀ ਸਰਕਾਰ ਸਮੇਂ ਈਦ-ਬਕਰੀਦ ਮੌਕੇ ਉਚੇਚੇ ਤੌਰ ’ਤੇ ਬਿਜਲੀ ਦਿੱਤੀ ਜਾਂਦੀ ਸੀ ਪਰ ਹੋਲੀ ਅਤੇ ਦੀਵਾਲੀ ਮੌਕੇ ਬਿਜਲੀ ਨਹੀਂ ਮਿਲਦੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੀ ਵਾਰ ਭਾਜਪਾ ਸਰਕਾਰ ਨੇ ਸਰਕਾਰੀ ਯੋਜਨਾਵਾਂ ਦਾ ਲਾਹਾ ਲੋਕਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਗੋਰਖਪੁਰ ਦੇ ਹਰੇਕ ਬੂਥ ’ਤੇ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਖਿੜੇਗਾ। ਯੋਗੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਅਤਿਵਾਦੀਆਂ ਪ੍ਰਤੀ ਹਮਦਰਦੀ ਰਖਦੀ ਹੈ ਅਤੇ ਪਿਛਲੀ ਸਰਕਾਰ ਨੇ ਦਹਿਸ਼ਤੀ ਕੇਸ ਵਾਪਸ ਲਏ ਸਨ। -ਪੀਟੀਆਈ