ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 12 ਮਈ
ਹਲਕਾ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਵੱਲੋਂ ਹਲਕਾ ਇੰਚਾਰਜ ਹਰਿੰਦਰ ਸਿੰਘ ਮਹਿਰਾਜ ਤੇ ਸਾਥੀਆਂ ਨਾਲ ਹਲਕਾ ਰਾਮਪੁਰਾ ਫੂਲ ਦੇ ਪਿੰਡ ਸਿਰੀਏਵਾਲਾ, ਬੁਰਜ ਥਰੋੜ, ਭੋਡੀਪੁਰਾ, ਜਲਾਲ, ਗੁੰਮਟੀ ਕਲਾਂ, ਦਿਆਲਪੁਰਾ ਮਿਰਜਾ, ਕੋਠਾ ਗੁਰੂ ਅਤੇ ਮਲੂਕਾ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸ੍ਰੀ ਧਰਮਕੋਟ ਨੇ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੀ ਇੱਕ ਅਜਿਹੀ ਸਿਆਸੀ ਪਾਰਟੀ ਹੈ, ਜੋ ਸੂਬੇ ਦੇ ਹਿੱਤਾਂ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੀ ਹੈ। ਉਨ੍ਹਾਂ ਵਰਕਰਾਂ ਨੂੰ ਪੂਰੀ ਇੱਕਜੁੱਟਤਾ ਨਾਲ ਅਕਾਲੀ ਦਲ ਦੀ ਮਜ਼ਬੂਤੀ ਤੇ ਇਹ ਚੋਣਾਂ ਜਿੱਤਣ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨ ਦੀ ਅਪੀਲ ਕੀਤੀ।
ਹਲਕਾ ਇੰਚਾਰਜ ਹਰਿੰਦਰ ਸਿੰਘ ਮਹਿਰਾਜ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਸਲਾਬਤਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਢਿੱਲੋਂ, ਯੂਥ ਆਗੂ ਗੁਰਪ੍ਰੀਤ ਸਿੰਘ ਘੰਡਾਬੰਨਾ ਤੇ ਬਲੌਰ ਸਿੰਘ ਕਾਂਗੜ ਨੇ ਅਕਾਲੀ ਉਮੀਦਵਾਰ ਧਰਮਕੋਟ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਲੋਕ ਸੇਵਾ ਤੇ ਅਕਾਲੀ ਦਲ ਨੂੰ ਸਮਰਪਿਤ ਪਰਿਵਾਰ ਨਾਲ ਸਬੰਧਤ ਹਨ।
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਮੁੜ ਗ਼ੈਰ-ਹਾਜ਼ਰ ਰਹੇ
ਇਸ ਦੌਰਾਨ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਚੋਣ ਦੌਰੇ ਦੌਰਾਨ ਮੁੜ ਗ਼ੈਰ-ਹਾਜ਼ਰ ਰਹੇ। ਇਸ ਤੋਂ ਪਹਿਲਾਂ ਵੀ ਉਹ 22 ਅਪਰੈਲ ਨੂੰ ਅਕਾਲੀ ਉਮੀਦਵਾਰ ਦੇ ਹਲਕਾ ਰਾਮਪੁਰਾ ਫੂਲ ਦੇ ਦੌਰੇ ਦੌਰਾਨ ਵੀ ਗੈਰ-ਹਾਜ਼ਰ ਰਹੇ ਸਨ। ਇਥੇੱ ਜ਼ਿਕਰਯੋਗ ਹੈ ਸ੍ਰੀ ਮਲੂਕਾ ਆਪਣੀ ਨੂੰਹ ਪਰਮਪਾਲ ਕੌਰ ਮਲੂਕਾ ਅਤੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਅਕਾਲੀ ਦਲ ਦੀ ਕਿਸੇ ਚੋਣ ਸਰਗਰਮੀ ਵਿੱਚ ਨਜ਼ਰ ਨਹੀਂ ਆ ਰਹੇ ਤੇ ਬਿਲਕੁਲ ਖਾਮੋਸ਼ ਹੋ ਕੇ ਬੈਠੇ ਹਨ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਸ੍ਰੀ ਮਲੂਕਾ ਦਾ ਜੱਦੀ ਹਲਕਾ ਹੈ ਅਤੇ ਇੱਥੋਂ ਜਿੱਤ ਪ੍ਰਾਪਤ ਕਰ ਕੇ ਉਹ ਦੋ ਅਕਾਲੀ ਸਰਕਾਰਾਂ ਦੇ ਕਾਰਜਕਾਲ ਵਿਚ ਵੱਖ-ਵੱਖ ਵਿਭਾਗਾਂ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ।