ਰਾਏਬਰੇਲੀ/ਪ੍ਰਤਾਪਗੜ੍ਹ, 12 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ’ਤੇ ਆਪਣੇ ਸੰਸਦੀ ਫੰਡਾਂ ਦਾ 70 ਫੀਸਦ ਤੋਂ ਵੱਧ ਹਿੱਸਾ ਘੱਟ ਗਿਣਤੀਆਂ ’ਤੇ ਖਰਚ ਕਰਨ ਅਤੇ ਗਾਂਧੀ ਪਰਿਵਾਰ ’ਤੇ ਝੂਠ ਬੋਲਣ ’ਚ ਮਾਹਿਰ ਹੋਣ ਦਾ ਦੋਸ਼ ਲਾਇਆ। ਰਾਏਬਰੇਲੀ ’ਚ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੌਰਾਨ 20 ਮਈ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਪ੍ਰਤਾਪਗੜ੍ਹ ’ਚ ਵੀ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਕਿਸਤਾਨ ਦੇ ਐਟਮ ਬੰਬ ਦਾ ਡਰ ਹੋਵੇਗਾ, ਭਾਜਪਾ ਨੂੰ ਨਹੀਂ। ਮਕਬੂਜ਼ਾ ਕਸ਼ਮੀਰ ਭਾਰਤ ਦਾ ਹੈ ਅਤੇ ਉਹ ਇਸ ਨੂੰ ਲੈ ਕੇ ਰਹਿਣਗੇ।
ਰਾਏਬਰੇਲੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਤੁਸੀਂ ਗਾਂਧੀ ਪਰਿਵਾਰ ਨੂੰ ਕਈ ਸਾਲਾਂ ਤੱਕ ਮੌਕਾ ਦਿੱਤਾ ਪਰ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ। ਉਹ (ਕਾਂਗਰਸ) ਵਿਕਾਸ ’ਚ ਯਕੀਨ ਨਹੀਂ ਰੱਖਦੇ। ਉਹ ਇੱਥੋਂ ਤੱਕ ਕਿ ਤੁਹਾਡੀ ਖੁਸ਼ੀ ਜਾਂ ਗਮੀ ’ਚ ਵੀ ਤੁਹਾਡੇ ਕੋਲ ਨਹੀਂ ਆਉਣਗੇ।’ ਸ਼ਾਹ ਨੇ ਕਿਹਾ, ‘ਦੇਸ਼ ਭਰ ’ਚ ਜਿੱਥੇ ਜਾਂਦੇ ਹਾਂ ਚਾਰ ਸੌ ਪਾਰ ਦਾ ਨਾਅਰਾ ਲਗਦਾ ਹੈ। ਚਾਰ ਸੌ ਪਾਰ ਤਾਂ ਹੀ ਹੋ ਸਕਦਾ ਹੈ ਜਦੋਂ ਪੂਰੇ ਦੇਸ਼ ’ਚ ਮੋਦੀ ਨੂੰ 400 ਸੀਟਾਂ ਜਿਤਾ ਕੇ ਦਿਓ ਅਤੇ ਉਹ ਹੋਣ ਵਾਲਾ ਹੈ।’ ਉਨ੍ਹਾਂ ਕਿਹਾ, ‘ਜੇ ਇੱਕ ਹੀ ਸੀਟ ਜਿੱਤ ਕੇ 400 ਪਾਰ ਦਾ ਟੀਚਾ ਪੂਰਾ ਹੋ ਜਾਵੇ ਤਾਂ ਉਹ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਹੈ? ਰਾਏਬਰੇਲੀ ’ਚ ਕਮਲ ਖਿੜਾ ਦਿਓ, ਚਾਰ ਸੌ ਆਪਣੇ ਆਪ ਹੋ ਜਾਵੇਗਾ।’ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਯੂਪੀ ਤੋਂ ਮਿਲੀ ਇਹੀ ਇੱਕੋ ਇੱਕ ਸੀਟ ਸੀ। -ਪੀਟੀਆਈ
ਭਾਜਪਾ ਉਮੀਦਵਾਰ ਨੂੰ ਜਿਤਾਉਣ ਦੀ ਕੀਤੀ ਅਪੀਲ
ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ, ‘ਅਸੀਂ ਰਾਏਬਰੇਲੀ ਨੂੰ ਮੋਦੀ ਜੀ ਦੀ ਵਿਕਾਸ ਯਾਤਰਾ ਨਾਲ ਜੋੜਾਂਗੇ।’ ਉਨ੍ਹਾਂ ਕਿਹਾ, ‘ਸ਼ਹਿਜ਼ਾਦਾ ਤੁਹਾਡੀਆਂ ਵੋਟਾਂ ਲਈ ਇੱਥੇ ਆਇਆ ਹੈ। ਤੁਸੀਂ ਕਈ ਸਾਲਾਂ ਤੋਂ ਵੋਟਾਂ ਦਿੱਤੀਆਂ। ਕੀ ਤੁਹਾਨੂੰ ਸੰਸਦ ਮੈਂਬਰ ਦੇ ਫੰਡਾਂ ’ਚੋਂ ਕੁਝ ਮਿਲਿਆ? ਜੇਕਰ ਤੁਹਾਨੂੰ ਕੁਝ ਨਹੀਂ ਮਿਲਿਆ ਤਾਂ ਫਿਰ ਉਹ ਗਏ ਕਿੱਥੇ? ਇਹ ਉਨ੍ਹਾਂ ਦੀ ਵੋਟ ਬੈਂਕ ਕੋਲ ਗਏ। ਸੋਨੀਆ ਗਾਂਧੀ ਨੇ ਆਪਣੇ ਫੰਡਾਂ ਦਾ 70 ਫੀਸਦ ਤੋਂ ਵੱਧ ਹਿੱਸਾ ਘੱਟ ਗਿਣਤੀਆਂ ’ਤੇ ਖਰਚ ਦਿੱਤਾ।’ ਸ਼ਾਹ ਨੇ ਕਿਹਾ, ‘‘ਗਾਂਧੀ ਪਰਿਵਾਰ ਝੂਠ ਬੋਲਣ ’ਚ ਮਾਹਿਰ ਹੈ। ਹੁਣ ਉਹ ਕਹਿ ਰਹੇ ਹਨ ਕਿ ਅਸੀਂ ਹਰ ਮਹਿਲਾ ਨੂੰ ਇੱਕ ਲੱਖ ਰੁਪਿਆ ਦਿਆਂਗੇ। ਮੈਂ ਹੁਣੀ ਤਿਲੰਗਾਨਾ ਤੋਂ ਆਇਆ ਹਾਂ। ਤਿਲੰਗਾਨਾ (ਵਿਧਾਨ ਸਭਾ) ਚੋਣ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਹਰ ਮਹਿਲਾ ਨੂੰ 15,000 ਰੁਪਏ ਦੇਣਗੇ। ਸੂਬੇ ਦੀਆਂ ਮਹਿਲਾਵਾਂ ਨੇ ਕਾਂਗਰਸ ਨੂੰ ਸਰਕਾਰ ਦੇ ਰੂਪ ਵਿੱਚ ਚੁਣਿਆ। 15,000 ਦੀ ਗੱਲ ਤਾਂ ਛੱਡੋ ਉਨ੍ਹਾਂ ਨੂੰ 1.500 ਰੁਪਏ ਵੀ ਨਹੀਂ ਦਿੱਤੇ।’’