ਨਵੀਂ ਦਿੱਲੀ, 4 ਫਰਵਰੀ
ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਵੱਲੋਂ ਸਦਨ ਵਿਚ ਬੋਲਣ ਲਈ ਲੋੜੀਂਦਾ ਸਮਾਂ ਨਾ ਮਿਲਣ ਉਤੇ ਉਠਾਏ ਸਵਾਲਾਂ ਤੋਂ ਬਾਅਦ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਮੈਂਬਰ ਦਾ ਵਿਹਾਰ ਸਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂਬਰ ਦੀਆਂ ਟਿੱਪਣੀਆਂ ‘ਗੈਰਵਾਜਬ ਸਨ’। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਾਲਾਂਕਿ ਸਪੀਕਰ ਦੀ ਇਸ ਮਾਮਲੇ ’ਤੇ ਹਮਾਇਤ ਕੀਤੀ। ਬਿਰਲਾ ਨੇ ਹਾਲਾਂਕਿ ਮੋਇਤਰਾ ਦਾ ਨਾਂ ਨਹੀਂ ਲਿਆ ਤੇ ਮੈਂਬਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਅਜਿਹੇ ਇਲਜ਼ਾਮ ਨਾ ਲਾਉਣ ਕਿਉਂਕਿ ਇਸ ਨਾਲ ਸਦਨ ਦਾ ਨਿਰਾਦਰ ਹੁੰਦਾ ਹੈ। ਬਿਰਲਾ ਨੇ ਅਪੀਲ ਕੀਤੀ ਕਿ ਚੇਅਰ ਖ਼ਿਲਾਫ਼ ਸਦਨ ਦੇ ਬਾਹਰ ਜਾਂ ਅੰਦਰ ਟਿੱਪਣੀਆਂ ਨਾ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉਤੇ ਪ੍ਰਤੀਕਰਮ ਦੇਣਾ ਠੀਕ ਨਹੀਂ ਹੈ। ਜ਼ਿਕਰਯੋਗ ਹੈ ਕਿ ਮੋਇਤਰਾ ਜਿਸ ਵੇਲੇ ਬੋਲ ਰਹੀ ਸੀ, ਉਸ ਵੇਲੇ ਭਾਜਪਾ ਮੈਂਬਰ ਰਮਾ ਦੇਵੀ ਲੋਕ ਸਭਾ ਦੀ ਪ੍ਰਧਾਨਗੀ ਕਰ ਰਹੇ ਸਨ।
ਮੋਇਤਰਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਬੋਲਣ ਦੌਰਾਨ ਟੋਕਿਆ ਗਿਆ। ਇਸੇ ਦੌਰਾਨ ਕਾਂਗਰਸ ਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਸਦਨ ਦੀ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ। -ਪੀਟੀਆਈ