ਬੰਗਲੂਰੂ, 12 ਮਈ
ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਆਸਟਰੇਲੀਆ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਸਾਰੇ ਮੈਚ ਹਾਰਨ ਦੇ ਬਾਵਜੂਦ ਉਨ੍ਹਾਂ ਦੀ ਟੀਮ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਵਿੱਚ ਸਫਲ ਰਹੀ ਜਿਨ੍ਹਾਂ ’ਚ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਪ੍ਰੋ ਲੀਗ ਦੇ ਯੂਰਪੀ ਗੇੜ ਵਿੱਚ ਹਿੱਸਾ ਲੈਣ ਲਈ ਤਿਆਰ ਹੈ।
ਟੋਕੀਓ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਨੂੰ ਪਿਛਲੇ ਮਹੀਨੇ ਆਸਟਰੇਲੀਆ ਦੇ ਦੌਰੇ ਦੌਰਾਨ ਸਾਰੇ ਪੰਜ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਾਰਨ ਇਸ ਸਾਲ ਹੋਣ ਵਾਲੀ ਪੈਰਿਸ ਓਲੰਪਿਕ ਸਬੰਧੀ ਉਸ ਦੀਆਂ ਤਿਆਰੀਆਂ ’ਤੇ ਸਵਾਲ ਖੜ੍ਹੇ ਹੋਣ ਲੱਗੇ ਸਨ। ਹਾਲਾਂਕਿ, ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੇ ਕਾਫ਼ੀ ਸਖ਼ਤ ਮਿਹਨਤ ਕੀਤੀ ਹੈ ਅਤੇ ਟੀਮ ਦਾ ਮਨੋਬਲ ਵੀ ਵਧਿਆ ਹੋਇਆ ਹੈ। ਹਾਕੀ ਇੰਡੀਆ ਦੇ ਬਿਆਨ ਮੁਤਾਬਕ ਹਰਮਨਪ੍ਰੀਤ ਨੇ ਕਿਹਾ, “ਅਸੀਂ ਸਖ਼ਤ ਅਭਿਆਸ ਕਰ ਰਹੇ ਹਾਂ ਅਤੇ ਹਾਲੇ ਇਸਦੇ ਅੰਤਿਮ ਪੜਾਅ ਵਿੱਚ ਹਾਂ। ਆਸਟਰੇਲੀਆ ਦੌਰੇ ਮਗਰੋਂ ਟੀਮ ਨੇ ਉਨ੍ਹਾਂ ਖੇਤਰਾਂ ’ਤੇ ਕੰਮ ਕੀਤਾ ਜਿਨ੍ਹਾਂ ਵਿੱਚ ਉਸ ਨੂੰ ਸੁਧਾਰ ਕਰਨ ਦੀ ਲੋੜ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਜਲਦੀ ਹੀ ਪ੍ਰੋ ਲੀਗ ਦੇ ਕੁਝ ਅਹਿਮ ਮੈਚ ਖੇਡਣ ਲਈ ਯੂਰਪ ਜਾਵਾਂਗੇ ਜਿੱਥੇ ਸਾਡਾ ਸਾਹਮਣਾ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਇੰਗਲੈਂਡ ਵਰਗੀਆਂ ਮਜ਼ਬੂਤ ਟੀਮਾਂ ਨਾਲ ਹੋਵੇਗਾ।’’
ਹਰਮਨਪ੍ਰੀਤ ਨੇ ਕਿਹਾ, ‘‘ਟੀਮ ਦਾ ਆਪਸੀ ਤਾਲਮੇਲ ਲਗਾਤਾਰ ਵਧ ਰਿਹਾ ਹੈ ਤੇ ਹੁਣ ਜਦੋਂ ਪੈਰਿਸ ਓਲੰਪਿਕ ਲਈ ਸਿਰਫ਼ 75 ਦਿਨ ਬਚੇ ਹਨ ਤਾਂ ਅਸੀਂ ਆਪਣੀ ਬਿਹਤਰ ਸਥਿਤੀ ਵਿੱਚ ਕਾਇਮ ਰਹਿਣ ’ਤੇ ਕੰਮ ਕਰ ਰਹੇ ਹਾਂ।’’ ਭਾਰਤ ਆਪਣੀ ਓਲੰਪਿਕ ਮੁਹਿੰਮ ਦਾ ਆਗਾਜ਼ 27 ਜੁਲਾਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕਰੇਗਾ। ਪੂਲ ‘ਬੀ’ ਦੀਆਂ ਹੋਰ ਟੀਮਾਂ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ ਅਤੇ ਆਇਰਲੈਂਡ ਹਨ। ਪੂਲ ‘ਏ’ ਵਿੱਚ ਨੈਦਰਲੈਂਡਜ਼, ਜਰਮਨੀ, ਇੰਗਲੈਂਡ, ਸਪੇਨ, ਦੱਖਣੀ ਅਫਰੀਕਾ ਅਤੇ ਮੇਜ਼ਬਾਨ ਫਰਾਂਸ ਸ਼ਾਮਲ ਹਨ। -ਪੀਟੀਆਈ