ਰਾਜਿੰਦਰ ਵਰਮਾ
ਭਦੌੜ 29 ਜਨਵਰੀ
ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਉਗੋਕੇ, ਨਰੈਣ ਦੱਤ ਬਰਨਾਲਾ, ਅਮਰਜੀਤ ਸਿੰਘ ਜੀਤਾ, ਰਜਿੰਦਰ ਭਦੌੜ ਅਤੇ ਮਾ:ਗੁਰਮੇਲ ਸਿੰਘ ਭੁਟਾਲ ਨੇ ਇੱਥੇ ਕਿਸਾਨਾਂ ਦੀ ਹਮਾਇਤ ਵਿੱਚ ਰੱਖੀ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਨੂੰ ਖੇਰੂ ਕਰਨ ਦੀਆਂ ਜੋ ਚਾਲਾਂ ਚੱਲ ਜਾ ਰਹੀਆਂ ਹਨ, ਉਸ ਨਾਲ ਦਿੱਲੀ ਵਿਚ ਚੱਲ ਰਹੇ ਅੰਦੋਲਨ ਨੂੰ ਕੋਈ ਫ਼ਰਕ ਨਹੀਂ ਪਵੇਗਾ। ਕੇਂਦਰ ਦੀਆਂ ਫੁੱਟ-ਪਾਊ ਨੀਤੀਆਂ ਦਾ ਮੋੜਵਾਂ ਜਵਾਬ ਦੇਣ ਲਈ ਹੁਣ ਹੋਰ ਤਕੜੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਦੀ ਪਰੇਡ ਦੌਰਾਨ ਕਿਸਾਨ ਦੀ 71 ਸਾਲਾਂ ਦੀ ਤਰਸਯੋਗ ਹਾਲਤ ਨੂੰ ਦਰਸਾਉਣ ਲਈ ਜੋ ਝਾਕੀਆਂ ਤਿਆਰ ਕੀਤੀਆਂ ਸਨ ਉਸ ਤੋਂ ਦੇਸ਼ ਦੇ ਲੋਕਾਂ ਦਾ ਧਿਆਨ ਹਟਾਉਣ ਲਈ ਇਕ ਸੋਚੀ ਸਮਝੀ ਸਾਜ਼ਿਸ ਤਹਿਤ ਕਿਸਾਨ ਪਰੇਡ ਨੂੰ ਠੱਲ੍ਹਣ ਲਈ ਤਿਆਰ ਕੀਤੀ ਵਿਉਂਤਬੰਦੀ ਤਹਿਤ ਹੀ ਸਾਡੇ ਕੁਝ ਆਪੇ ਬਣੇ ਹਮਾਇਤੀਆਂ ਨੇ ਉਸ ਵਿਚ ਕੇਂਦਰ ਸਰਕਾਰ ਨੂੰ ਸਹਿਯੋਗ ਦਿੱਤਾ ਹੈ ਜਿੰਨ੍ਹਾਂ ਦਾ ਕਿਸਾਨ ਜਥੇਬੰਦੀਆਂ ਸਮਾਜਿਕ ਬਾਈਕਾਟ ਦਾ ਸੱਦਾ ਦੇ ਚੁੱਕੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਮੂਹ ਵਰਗਾਂ ਨੂੰ ਇਸ ਗੱਲ ਸੁਚੇਤ ਹੋ ਜਾਣਾ ਚਾਹੀਦਾ ਹੈ। ਇਸ ਮੌਕੇ ਸਾਹਿਬ ਸਿੰਘ ਗਿੱਲ, ਜਗਦੀਪ ਸਿੰਘ ਜੱਗੀ, ਗੁਰਤੇਜ ਸਿੰਘ ਨੈਣੇਵਾਲ, ਜਗਦੇਵ ਸਿੰਘ ਸੰਘੇੜਾ, ਬਲਵਿੰਦਰ ਸਿੰਘ ਲਧਰੋਈਆ, ਸੁਖਵਿੰਦਰ ਸਿੰਘ ਧੰਨਾ, ਬਾਘ ਸਿੰਘ ਮਾਨ, ਚਰਨ ਸਿੰਘ ਖੰਨਾ ਮੋਟਰਜ਼, ਜਗਤਾਰ ਸਿੰਘ ਮਾਨ, ਅਮਰਜੀਤ ਸਿੰਘ ਮੀਕਾ, ਸਰਪੰਚ ਜਗਤਾਰ ਸਿੰਘ, ਮਾ: ਅਵਤਾਰ ਸਿੰਘ, ਪਰਮਜੀਤ ਸਿੰਘ ਪੰਮਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।