ਨਿੱਜੀ ਪੱਤਰ ਪ੍ਰੇਰਕ
ਮੋਗਾ, 13 ਮਈ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੇ ਹਲਕਾ ਬਾਘਾਪੁਰਾਣਾ ਦੇ ਪਿੰਡਾਂ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਆਖਿਆ ਕਿ ਉਹ ਹਲਕੇ ਦੀਆਂ ਸੱਥਾਂ ਤੋਂ ਸੰਸਦ ਤੱਕ ਆਵਾਜ਼ ਵੀ ਬੁਲੰਦ ਕਰਨਗੇ ਅਤੇ ਸਿਆਸੀ ਕਰਮ ਭੂਮੀ ਬਣੇ ਫ਼ਰੀਦਕੋਟ ਹਲਕੇ ਦਾ ਕਰਜ਼ਾ ਮੋੜਨ ਲਈ ਸਾਰੀ ਉਮਰ ਲੋਕ ਸੇਵਾ ਕਰਦੇ ਰਹਿਣਗੇ। ਇਸ ਮੌਕੇ ਫ਼ਿਲਮੀ ਸਿਤਾਰਿਆਂ ਮਲਕੀਤ ਰੌਣੀ ਤੇ ਦੀਦਾਰ ਗਿੱਲ ਨੇ ਵੀ ਆਪਣੇ ਸਾਥੀ ਅਦਾਕਾਰ ਕਰਮਜੀਤ ਅਨਮੋਲ ਲਈ ਵੋਟਾਂ ਮੰਗੀਆਂ। ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਤੇ ਪਾਰਟੀ ਆਗੂ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਅਨਮੋਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਹਲਕੇ ਤੋਂ ਟਿਕਟ ਦੇ ਕੇ ਹਲਕੇ ਨੂੰ ਉਨ੍ਹਾਂ ਦੀ ਕਰਮ ਭੂਮੀ ਬਣਾਇਆ ਹੈ ਅਤੇ ਉਹ ਆਪਣੀ ਕਰਮ ਭੂਮੀ ਦਾ ਕਰਜ਼ਾ ਮੋੜਨ ਲਈ ਸਾਰੀ ਉਮਰ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਸੂਬੇ ਦੀ ਨੁਹਾਰ ਬਦਲ ਦਿੱਤੀ ਹੈ। ਹੁਣ ਕੇਂਦਰ ਸਰਕਾਰ ਵਿੱਚ ਭਾਈਵਾਲ ਬਣ ਕੇ ਵੱਡੇ ਪ੍ਰਾਜੈਕਟ ਲਿਆਂਦੇ ਜਾਣਗੇ। ਉਨ੍ਹਾਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਜਪਾ ਨੇ ਨਾ ਖੇਤਾਂ ਦੇ ਪੁੱਤ ਬਖਸ਼ੇ ਹਨ ਅਤੇ ਨਾ ਹੀ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨ। ਉਨ੍ਹਾਂ ਹੁਨਰ ਵਿਕਾਸ ਕੇਂਦਰ ਖੋਲ੍ਹਣ ਦਾ ਵਾਅਦਾ ਵੀ ਕੀਤਾ।