ਸ਼ਗਨ ਕਟਾਰੀਆ
ਜੈਤੋ, 13 ਮਈ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਤੋਂ ਇੱਥੇ ਥਾਣੇ ਅੱਗੇ ਬੇਮਿਆਦੀ ਧਰਨਾ ਸ਼ੁਰੂ ਕੀਤਾ ਗਿਆ ਹੈ। ਪਿਛਲੇ ਦਿਨੀਂ ਕਿਸਾਨ ਆਗੂਆਂ ਅਤੇ ਪਿੰਡ ਰੋਮਾਣਾ ਅਲਬੇਲ ਸਿੰਘ ਵਿੱਚ ਸਥਿਤ ਇਕ ਡੇਰੇ ਦੇ ਮੁਖੀ ਦਰਮਿਆਨ ਝਗੜਾ ਹੋਣ ਤੋਂ ਬਾਅਦ ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਕੇਸ ਦਰਜ ਕਰਵਾਏ ਸਨ। ਧਰਨਾਕਾਰੀਆਂ ਨੇ ਦੋਸ਼ ਲਾਏ ਕਿ ਡੇਰਾ ਮੁਖੀ ਸੁਖਬੀਰ ਦਾਸ ਨੇ ਜੈਤੋ ਦੇ ਕਿਸਾਨ ਰਾਜ ਸਿੰਘ ਦੇ ਪੁੱਤਰ ਨੂੰ ਕੈਨੇਡਾ ਵਿੱਚ ਕਥਿਤ ਪੀਆਰ ਦਿਵਾਉਣ ਬਦਲੇ 20 ਲੱਖ ਰੁਪਏ ਲਏ ਸਨ। ਕਿਸਾਨਾਂ ਅਨੁਸਾਰ ਲੜਕੇ ਦਾ ਵਿਆਹ ਕੈਨੇਡਾ ’ਚ ਪੱਕੀ ਵੱਸਦੀ ਲੜਕੀ ਨਾਲ ਕਰਵਾ ਦਿੱਤਾ ਗਿਆ ਸੀ ਅਤੇ ਲੜਕੇ ਦੀ ਪੀਆਰ ਦੀ ਫਾਈਲ ਲੜਕੀ ਨੇ ਲਾਈ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਬਾਬੇ ਵੱਲੋਂ ਪੰਜ ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ ਪਰ ਰਾਜ ਸਿੰਘ ਨੇ ਪੈਸੇ ਦੇਣ ਤੋਂ ਅਸਮੱਰਥਾ ਜਤਾਈ ਤਾਂ ਪੀਆਰ ਦੀ ਫਾਈਲ ਰੁਕਵਾ ਦਿੱਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਕਿਸਾਨ ਜਥੇਬੰਦੀ ਨੇ ਇਸ ਮਾਮਲੇ ਬਾਰੇ ਬਾਬੇ ਨਾਲ ਸੰਪਰਕ ਕੀਤਾ ਤਾਂ ਆਗੂਆਂ ਨੂੰ 4 ਮਈ ਗੱਲਬਾਤ ਲਈ ਡੇਰੇ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਜਦੋਂ ਪਰਿਵਾਰ ਅਤੇ ਜਥੇਬੰਦੀ ਦੇ ਆਗੂ ਡੇਰੇ ਪਹੁੰਚੇ ਤਾਂ ਬਾਬੇ ਨੇ ਆਗੂਆਂ ਨੂੰ ਰਿਵਾਲਵਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਬਾਬੇ ਦੇ ਬੰਦਿਆਂ ਨੇ ਕਿਸਾਨਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਰਾਜ ਸਿੰਘ ਤੇ ਕੁਝ ਕਿਸਾਨ ਆਗੂ ਜ਼ਖ਼ਮੀ ਹੋ ਗਏ।
ਦੂਜੇ ਪਾਸੇ ਬਾਬਾ ਧੀਰਾ ਸਿੰਘ ਵੱਲੋਂ ਉੱਥੇ ਗਏ ਵਿਅਕਤੀਆਂ ਖ਼ਿਲਾਫ਼ ਪੁਲੀਸ ਕੋਲ ਐੱਫਆਈਆਰ ਦਰਜ ਕਰਵਾਈ ਗਈ ਕਿ ਕਿਸਾਨ ਆਗੂਆਂ ਨੇ ਉਸ ਦੀ ਰਿਹਾਇਸ਼ ’ਚ ਆ ਕੇ ਹਮਲਾ ਕੀਤਾ। ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਆਈਪੀਸੀ ਦੀ ਧਾਰਾ 452 ਅਤੇ ਕੁਝ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ’ਤੇ ਦਰਜ ਕੇਸ ਰੱਦ ਕੀਤਾ ਜਾਵੇ ਅਤੇ ਡੇਰਾ ਮੁਖੀ ’ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇ। ਕਿਸਾਨ ਆਗੂਆਂ ਮੁਤਾਬਕ ਮਾਮਲੇ ਨੂੰ ਸੁਲਝਾਉਣ ਲਈ ਕਿਸਾਨਾਂ ਦੇ ਵਫ਼ਦ ਦੀ ਅੱਜ ਐੱਸਐੱਚਓ ਜੈਤੋ ਗੁਰਮਿਹਰ ਸਿੰਘ ਨਾਲ ਮੀਟਿੰਗ ਵੀ ਹੋਈ, ਜੋ ਬੇਸਿੱਟਾ ਰਹੀ।
ਡੇਰਾ ਮੁਖੀ ਨੇ ਦੋਸ਼ ਨਕਾਰੇ
ਉੱਧਰ, ਡੇਰਾ ਮੁਖੀ ਸੁਖਬੀਰ ਦਾਸ ਨੇ ਕਿਸਾਨ ਆਗੂਆਂ ਵੱਲੋਂ ਲਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੜਕੀ ਵੱਲੋਂ ਲੜਕੇ ’ਤੇ ਤੰਗ ਕਰਨ ਦੇ ਦੋਸ਼ਾਂ ਮਗਰੋਂ ਦੋਵੇਂ ਵੱਖ-ਵੱਖ ਹੋ ਗਏ। ਉਨ੍ਹਾਂ ਪੈਸੇ ਲੈਣ ਦੇ ਦੋਸ਼ਾਂ ਨੂੰ ਨਕਾਰਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।