ਮੋਗਾ (ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨ ਰੱਦ ਹੋਣ ਦੀ ਇਤਿਹਾਸਕ ਜਿੱਤ ਉੱਤੇ ਹਰ ਵਰਗ ਵਿੱਚ ਖੁਸ਼ੀ ਦਾ ਮਾਹੌਲ ਹੈ। ਇਥੇ ਟੌਲ ਪਲਾਜ਼ਾ ਉੱਤੇ ਅੱਜ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਇਥੇ ਕਿਸਾਨ ਬੀਬੀਆਂ ਨੇ ਦਿੱਲੀ ਜਿੱਤਣ ਦੀ ਖੁਸ਼ੀ ਵਿੱਚ ਨੇ ਜਾਗੋ ਕੱਢੀ ਤੇ ਗਿੱਧਾ, ਬੋਲੀਆਂ, ਸਿਠਣੀਆਂ ਤੇ ਪੰਜਾਬੀ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਬੀਬੀਆਂ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਨੇ ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਕੀਤਾ ਹੈ। ਦੇਸ਼ ਵਿਦੇਸ਼ ਦਾ ਹਰ ਵਰਗ ਇਸ ਜਿੱਤ ਤੋਂ ਖੁਸ਼ ਹੈ। ਇਹ ਏਕੇ ਤੇ ਸਾਰੇ ਵਰਗਾਂ ਦੀ ਸਾਂਝੀ ਤੇ ਭਾਈ ਲਾਲੋ ਦੀ ਜਿੱਤ ਹੈ, ਗੁਰੂ ਨਾਨਕ ਤੇ ਭਗਤ ਸਿੰਘ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਿਰੜੀ ਲੋਕ ਮਲਿਕ ਭਾਗੋ ਦੇ ਹੰਕਾਰ ਨੂੰ ਹਰਾ ਕੇ ਆਏ ਹਨ। ਇਹ ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀ ਲੁੱਟ ਖ਼ਿਲਾਫ਼, ਲੋਕਾਂ ਦੀ ਦਲੇਰੀ ਦੀ ਜਿੱਤ ਹੈ। ਇਹ ਕਨੂੰਨ ਰੱਦ ਹੋਣ ਨਾਲ ਜਿਥੇ ਕਿਸਾਨਾਂ ਦੀ ਜਿੱਤ ਹੋਈ ਹੈ ਉਥੇ ਕਾਰਪੋਰੇਟ ਘਰਾਣਿਆਂ ਦੀ ਹਾਰ ਹੋਈ ਹੈ ਤੇ ਉਨ੍ਹਾਂ ਨੂੰ ਅੱਗੇ ਲਈ ਸਬਕ ਮਿਲਿਆ ਹੈ।