ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਫਰਵਰੀ
ਇੱਥੇ ਸਿਵਲ ਹਸਪਤਾਲ ਵਿੱਚ ਲਾਵਾਰਿਸ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਵੱਲੋਂ ਦਾਖਲ ਕਰਵਾਇਆ ਗਿਆ ਹੈ।
ਇਹ ਔਰਤ ਆਪਣਾ ਨਾਮ ਨਿਰਮਲਾ ਅਤੇ ਪਿੰਡ ਵਲਟੋਹਾ ਜਾਂ ਫੱਤੂਵਾਲਾ ਦੱਸਦੀ ਹੈ। ਪਿਤਾ ਦਾ ਨਾਮ ਆਤਮਾ ਸਿੰਘ ਅਤੇ ਭਰਾ ਦਾ ਨਾਮ ਇੰਦਰਜੀਤ ਦੱਸਦੀ ਹੈ, ਜੋ ਦਵਾਈ ਪੀ ਕੇ ਖੁਦਕੁਸ਼ੀ ਕਰ ਚੁੱਕਾ ਹੈ ਤੇ ਮਾਂ ਦੀ ਮੌਤ ਹੋ ਗਈ ਹੈ ਤੇ ਪਿਤਾ ਨੇ ਦੂਸਰਾ ਵਿਆਹ ਕਰਵਾ ਕੇ ਇਸ ਨੂੰ ਘਰੋਂ ਕੱਢ ਦਿੱਤਾ ਹੈ। ਔਰਤ ਮੁਤਾਬਕ ਉਸਦੇ ਘਰ ਵਾਲੇ ਨੇ ਵੀ ਦੂਸਰਾ ਵਿਆਹ ਕਰਵਾ ਲਿਆ ਹੈ।
ਸਖੀ ਵਨ ਸਟਾਪ ਸੈਂਟਰ ਸਿਵਲ ਹਸਪਤਾਲ ਪ੍ਰਬੰਧਕ ਦੀਪਕਾ ਕੌਸ਼ਲ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪ੍ਰਧਾਨ ਮਹਿੰਦਰ ਪਾਲ ਲੂੰਬਾ, ਸਮਾਜ ਸੇਵੀ ਬਲਕਾਰ ਸਿੰਘ ਲੰਢੇਕੇ ਅਤੇ ਅਮਰਜੀਤ ਮਹੇਸਰੀ ਨੇ ਦੱਸਿਆ ਕਿ ਇਹ ਔਰਤ ਪਿਛਲੇ ਕੁਝ ਦਿਨਾਂ ਤੋਂ ਮੋਗਾ ਸ਼ਹਿਰ ਵਿੱਚ ਲਾਵਾਰਿਸ ਹਾਲਤ ਵਿੱਚ ਘੁੰਮ ਰਹੀ ਸੀ ਤੇ ਦੋ ਦਿਨ ਪਹਿਲਾਂ ਇਹ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਮੋਗਾ ਵਿੱਚ ਪਹੁੰਚ ਗਈ। ਸਮਾਜ ਸੇਵੀ ਅਤੇ ਪੰਜਾਬ ਪੁਲੀਸ ਹੌਲਦਾਰ ਜਸਵੀਰ ਸਿੰਘ ਦੀ ਟੀਮ ਨੇ ਇਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਸਬੰਧੀ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।