ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਜੂਨ
ਤਹਿਸੀਲਦਾਰਾਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ ਹਨ। ਇਹ ਹੜਤਾਲ ਅੱਜ ਸੱਤਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਕਈਆਂ ਦੀ ਮੈਰਿਜ਼ ਰਜਿਸਟਰੇਸ਼ਨ, ਜਾਤੀ ਸਰਟੀਫਿਕੇਟ ਤੇ ਅਸਲੇ ਦੇ ਕੰਮ ਰੁਕੇ ਪਏ ਹਨ| ਜ਼ਮੀਨਾਂ ਦੀਆਂ ਰਜਿਸਟਰੀਆਂ ਦੇ ਸੌਦੇ ਗੜਬੜਾ ਗਏ ਹਨ| ਇਹ ਹੜਤਾਲ ਅਜੇ ਹੋਰ ਅੱਗੇ ਵੱਧਣ ਦੀ ਸੰਭਾਵਨਾ ਹੈ ਜਿਸ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਵਿੱਚ ਹੋਰ ਵਾਧਾ ਹੋਵੇਗਾ| ਲੋਕਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੇ ਕੰਮਾਂ ਦਾ ਕੋਈ ਪੁਖਤਾ ਪ੍ਰਬੰਧ ਕਰੇ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਹੜਤਾਲੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੰਮ ਨਹੀਂ ਤਾਂ ਤਨਖਾਹ ਨਹੀਂ ਤੇ ਜਾਪਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਹੋਰ ਸਖਤੀ ਵਰਤਣ ਦੇ ਰੌਂਅ ਵਿੱਚ ਹੈ। ‘ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਦੀ ਪੂਰਤੀ ਤੋਂ ਬਿਨਾਂ ਪਿੱਛੇ ਨਹੀਂ ਹਟਣਗੇ| ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਤਹਿਸੀਲਦਾਰਾਂ ’ਤੇ ਦਰਜ ਕੇਸ ਖਾਰਜ ਨਹੀਂ ਕਰਦੀ ਅਤੇ ਐੈੱਨਓਸੀ ਜਾਰੀ ਕਰਨ ਬਾਰੇ ਕੋਈ ਸਪੱਸ਼ਟ ਹਦਾਇਤਾਂ ਜਾਰੀ ਨਹੀਂ ਕਰਦੀ ਉਹ ਹੜਤਾਲ ਵਾਪਸ ਨਹੀਂ ਲੈਣਗੇ |