ਇਕਬਾਲ ਸ਼ਾਂਤ
ਲੰਬੀ, 4 ਜੂਨ
ਇੱਥੋਂ ਨੇੜਲੇ ਪਿੰਡ ਹਾਕੂਵਾਲਾ ਵਿੱਚ ਇੱਕ ਮਾਮਲੇ ਵਿੱਚ ਛਾਪਾ ਮਾਰਨ ਪੁੱਜੀ ਸੀਆਈਏ ਸਟਾਫ ਦੀ ਟੀਮ ਦਾ ਪਿੰਡ ਵਾਸੀਆਂ ਵੱਲੋਂ ਡਾਂਗਾਂ-ਸੋਟੀਆਂ ਨਾਲ ਵਿਰੋਧ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਦੇ ਵਿਰੋਧ ਦੌਰਾਨ ਦੋ ਪੁਲੀਸ ਮੁਲਾਜ਼ਮ ਰਾਜਵਿੰਦਰ ਸਿੰਘ ਅਤੇ ਅਸ਼ੋਕ ਕੁਮਾਰ ਜ਼ਖ਼ਮੀ ਹੋ ਗਏ ਹਨ। ਦੋਵੇਂ ਜ਼ਖ਼ਮੀ ਸੀਐੱਚਸੀ ਲੰਬੀ ਵਿੱਚ ਜ਼ੇਰੇ ਇਲਾਜ ਹਨ। ਡਾਕਟਰਾਂ ਮੁਤਾਬਕ ਜ਼ਖ਼ਮੀ ਮੁਲਾਜ਼ਮਾਂ ਦੇ ਹੱਥਾਂ, ਸਿਰ ਤੇ ਛਾਤੀ ’ਤੇ ਸੱਟਾਂ ਲੱਗੀਆਂ ਹਨ। ਪੁਲੀਸ ਦੇ ਉੱਚ ਅਧਿਕਾਰੀ ਇਸ ਮਾਮਲੇ ’ਤੇ ਬੋਲਣ ਤੋਂ ਪਾਸਾ ਵੱਟਦੇ ਨਜ਼ਰ ਆਏ। ਦੇਰ ਸ਼ਾਮ ਤੱਕ ਸੀਆਈਏ ਸਟਾਫ਼ ਦੇ ਅਫ਼ਸਰਾਂ ਦੇ ਫੋਨ ਬੰਦ ਆ ਰਹੇ ਜਾਂ ਉਨ੍ਹਾਂ ਨੇ ਫੋਨ ਦਾ ਕੋਈ ਜਵਾਬ ਹੀ ਨਾ ਦਿੱਤਾ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਸੀਆਈਏ ਟੀਮ ਅੱਜ ਕਿਸੇ ਮਾਮਲੇ ਵਿੱਚ ਘੀਰੀ ਨਾਮ ਦੇ ਵਿਅਕਤੀ ਦੇ ਘਰ ਪੁੱਜੀ ਸੀ। ਦੱਸਿਆ ਜਾਂਦਾ ਹੈ ਕਿ ਸੀਆਈਏ ਟੀਮ ਨੇ ਘੀਰੀ ਨੂੰ ਦਬੋਚ ਲਿਆ ਸੀ ਇਸ ਦੌਰਾਨ 4-5 ਔਰਤਾਂ ਡਾਂਗਾਂ-ਸੋਟੀਆਂ ਨਾਲ ਵਿਰੋਧ ’ਤੇ ਉੱਤਰ ਆਈਆਂ। ਘੀਰੀ ਪੁਲੀਸ ਨਾਲ ਹੱਥੋ-ਪਾਈ ਕਰ ਕੇ ਉਥੋਂ ਫ਼ਰਾਰ ਹੋ ਗਿਆ। ਔਰਤਾਂ ਦੇ ਵਿਰੋਧ ਕਾਰਨ ਪੁਲੀਸ ਨੂੰ ਪਿੱਛੇ ਹਟਣਾ ਪਿਆ। ਪਿੰਡ ਵਾਸੀਆਂ ਅਨੁਸਾਰ ਇਸ ਘਟਨਾ ਤੋਂ ਬਾਅਦ ਲੰਬੀ ਪੁਲੀਸ ਦੀਆਂ ਦੋ ਗੱਡੀਆਂ ਭਰ ਕੇ ਆਈਆਂ ਸਨ। ਪੁਲੀਸ ਸੂਤਰਾਂ ਅਨੁਸਾਰ ਲੰਬੀ ਪੁਲੀਸ ਨੂੰ ਸੀਆਈਏ ਸਟਾਫ ਵੱਲੋਂ ਕਿਹਾ ਗਿਆ ਕਿ ਮਾਮਲਾ ਨਿੱਬੜ ਗਿਆ ਹੈ।
ਇਸ ਸਬੰਧੀ ਜਦੋਂ ਸੀਆਈਏ ਸਟਾਫ਼ ਦੇ ਐੱਸਐੱਸਪੀ, ਇੰਸਪੈਕਟਰ ਰਾਜੇਸ਼ ਕੁਮਾਰ ਤੇ ਏਐੱਸਆਈ ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜ਼ਿਲ੍ਹੇ ਦੇ ਐਸਪੀ (ਡੀ) ਮੋਹਣ ਲਾਲ ਨੇ ਕਿਹਾ ਕਿ ਪਿੰਡ ਵਾਸੀਆ ਨੇ ਸੀਆਈਏ ਟੀਮ ਨੂੰ ਸਬੰਧਤ ਵਿਅਕਤੀ ਨੂੰ ਲਿਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਹਮਲਾ ਨਹੀਂ ਸੀ।
ਡੀਐਸਪੀ ਮਲੋਟ ਜਸਪਾਲ ਸਿੰਘ ਨੇ ਕਿਹਾ ਕਿ ਸੀਆਈਏ ਟੀਮ ਘੀਰੀ ਨੂੰ ਫੜਨ ਗਈ ਸੀ। ਲੰਬੀ ਦੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਜ਼ੇਰੇ ਇਲਾਜ ਮੁਲਾਜ਼ਮਾਂ ਦੇ ਬਿਆਨ ਹਸਪਤਾਲ ਵੱਲੋਂ ਜਾਣਕਾਰੀ ਮਿਲਣ ਮਗਰੋਂ ਦਰਜ ਕੀਤੇ ਜਾਣਗੇ।
ਲੰਬੀ ਦੇ ਐੱਸਐੱਮਓ ਡਾ. ਪਵਨ ਮਿੱਤਲ ਨੇ ਕਿਹਾ ਕਿ ਦੋਵੇਂ ਪੁਲੀਸ ਮਲਾਜ਼ਮ ਸੀਐਚਸੀ ਵਿੱਚ ਜ਼ੇਰੇ ਇਲਾਜ ਹਨ।