ਜਸਵੰਤ ਜੱਸ
ਫ਼ਰੀਦਕੋਟ, 6 ਜੁਲਾਈ
ਝੋਨੇ ਦੀ ਲੁਆਈ ਸਿਖਰ ’ਤੇ ਹੋਣ ਦੇ ਬਾਵਜੂਦ ਪਿੰਡਾਂ ਵਿੱਚ ਬਿਜਲੀ ਅਤੇ ਪਾਣੀ ਲੋੜ ਅਨੁਸਾਰ ਨਾ ਮਿਲਣ ਕਾਰਨ ਅੱਠ ਪਿੰਡਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਅਤੇ ਦੋਸ਼ ਲਾਇਆ ਕਿ ਸਰਕਾਰ ਦੇ ਦੁਰਪ੍ਰਬੰਧਾਂ ਕਾਰਨ ਝੋਨੇ ਦੀ ਲੁਆਈ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹੈ।
ਗੁਰਦਿੱਤ ਸਿੰਘ ਸੇਖੋਂ, ਹਰਬਿੰਦਰ ਸਿੰਘ ਹੈਪੀ ਬਰਾੜ, ਗੁਰਟੇਕ ਸਿੰਘ ਸਿੱਧੂ, ਅਮਨਦੀਪ ਸਿੰਘ ਅਤੇ ਕਾਮਰੇਡ ਪ੍ਰੇਮ ਕੁਮਾਰ ਨੇ ਕਿਹਾ ਕਿ ਕਿ ਇਸ ਵਾਰ ਬਹੁਤੀ ਬਾਰਿਸ਼ ਨਹੀਂ ਹੋਈ ਜਿਸ ਕਰਕੇ ਪਾਣੀ ਦੀ ਵੱਡੀ ਘਾਟ ਮਹਿਸੂਸ ਹੋ ਰਹੀ ਹੈ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਝੋਨੇ ਦੀ ਲੁਆਈ ਹੁਣ ਨਹਿਰੀ ਪਾਣੀ ਤੇ ਬਿਜਲੀ ਦੇ ਆਸਰੇ ਹੀ ਹੋ ਸਕਦੀ ਹੈ ਕਿਉਂਕਿ ਡੀਜ਼ਲ ਵੀ ਕਿਸਾਨਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ।
ਹਰਬਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਬਿਜਲੀ ਤੇ ਪਾਣੀ ਦੀ ਹਾਲਤ ਤੁਰੰਤ ਦਰੁਸਤ ਨਾ ਕੀਤੀ ਗਈ ਤਾਂ ਜ਼ਿਲ੍ਹੇ ਭਰ ਦੇ ਕਿਸਾਨ ਹਾਈਵੇਅ ਜਾਮ ਕਰ ਦੇਣਗੇ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਕਿਸਾਨਾਂ ਨੂੰ ਲੋੜੀਂਦਾ ਪਾਣੀ ਅਤੇ ਬਿਜਲੀ ਦੇਣ ਲਈ ਸਰਕਾਰ ਵਚਨਬੱਧ ਹੈ ਅਤੇ ਇਹ ਸੇਵਾਵਾਂ ਚੁਸਤ ਦਰੁਸਤ ਕਰਨ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰ ਰਿਹਾ ਹੈ।
ਕਿਸਾਨ ਆਗੂ ਰਾਜਿੰਦਰ ਸਿੰਘ ਕਿੰਗਰਾ ਨੇ ਦੱਸਿਆ ਕਿ ਸਾਦਿਕ ਦਾ ਬਿਜਲੀ ਗਰਿੱਡ ਪਿਛਲੇ ਦਿਨੀਂ ਖਰਾਬ ਹੋ ਗਿਆ ਸੀ ਜਿਸ ਕਰਕੇ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੀ ਕਰੀਬ ਪੰਜ ਸੌ ਪਿੰਡਾਂ ਨੂੰ ਦੋ ਹਫ਼ਤੇ ਤੱਕ ਬਿਜਲੀ ਨਸੀਬ ਨਹੀਂ ਹੋਈ ਅਤੇ ਨਹਿਰਬੰਦੀ ਹੋਣ ਕਾਰਨ ਝੋਨੇ ਦੀ ਬਿਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਹੁਣ ਦੁਬਾਰਾ ਫਿਰ ਨਹਿਰਬੰਦੀ ਅਤੇ ਬਿਜਲੀ ਦੀ ਘਾਟ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ।
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਾਦਿਕ ਦਾ ਬਿਜਲੀ ਗਰਿੱਡ, ਮੁੰਬਈ ਤੋਂ ਵਿਸ਼ੇਸ਼ ਇੰਜਨੀਅਰ ਬੁਲਾ ਕੇ ਠੀਕ ਕਰ ਦਿੱਤਾ ਹੈ ਅਤੇ ਹੁਣ ਕਿਸਾਨਾਂ ਨੂੰ ਬਿਜਲੀ ਦੀ ਕੋਈ ਦਿੱਕਤ ਨਹੀਂ ਆਵੇਗੀ।