ਪੱਤਰ ਪ੍ਰੇਰਕ
ਰਾਮਾਂ ਮੰਡੀ, 15 ਜੁਲਾਈ
ਸਥਾਨਕ ਕਮਾਲੂ ਰੋਡ ’ਤੇ ਰਹਿੰਦੇ ਬਲਜੀਤ ਰਾਮ ਉਰਫ ਕਾਲਾ ਬਾਬਾ ਨੂੰ ਬੀਤੀ ਰਾਤ ਉਸ ਦੇ ਗੁਆਂਢੀ ਵੱਲੋਂ ਆਪਣੇ ਪਰਿਵਾਰ ਮੈਂਬਰਾਂ ਦੀ ਮਦਦ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਬਲਜੀਤ ਰਾਮ ਦੇ ਭਤੀਜੇ ਨਰੇਸ਼ ਕੁਮਾਰ ਨੇ ਰਾਮਾ ਪੁਲੀਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਰਾਤ ਸਮੇਂ ਉਨ੍ਹਾਂ ਦੇ ਚਾਚਾ ਬਲਜੀਤ ਰਾਮ ਦੇ ਘਰੋਂ ਤਿੰਨ ਮੋਬਾਈਲ ਫੋਨ ਚੋਰੀ ਹੋ ਗਏ ਸਨ। ਉਨ੍ਹਾਂ ਦੇ ਘਰ ਦੀ ਛੱਤ ਨਾਲ ਹੀ ਪਿਛਲੇ ਪਾਸੇ ਮੰਗੂ ਰਾਮ ਦਾ ਘਰ ਹੈ। ਬਲਜੀਤ ਰਾਮ ਦੇ ਪਰਿਵਾਰ ਨੂੰ ਉਸ ’ਤੇ ਮੋਬਾਈਲ ਚੋਰੀ ਦਾ ਕਰਨ ਸ਼ੱਕ ਹੋਇਆ। ਪੁਲੀਸ ਵਲੋਂ ਮੰਗੂ ਰਾਮ ਤੋਂ ਚੋਰੀ ਹੋਏ ਮੋਬਾਈਲ ਫੋਨਾਂ ਬਾਰੇ ਪੜਤਾਲ ਕੀਤੀ ਗਈ ਤਾਂ ਉਸ ਨੇ ਚੋਰੀ ਤੋਂ ਇਨਕਾਰ ਕਰ ਦਿੱਤਾ। ਨਰੇਸ਼ ਨੇ ਦੱਸਿਆ ਕਿ ਕੱਲ੍ਹ ਰਾਤ ਕਰੀਬ 9 ਵਜੇ ਮੰਗੂ ਰਾਮ, ਉਸ ਦਾ ਭਰਾ ਰਵੀ, ਪਿਤਾ ਪੱਪੂ ਅਤੇ ਮਾਤਾ ਸੱਬੋ ਵਾਸੀ ਕਮਾਲੂ ਰੋਡ ਰਾਮਾ ਮੰਡੀ ਚਾਰੇ ਉਨ੍ਹਾਂ ਦੇ ਘਰ ਅੰਦਰ ਆਏ, ਉਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਤੇ ਡਾਂਗਾਂ ਫੜੀਆਂ ਹੋਈਆਂ ਸਨ। ਹਮਲਾਵਰਾਂ ਨੇ ਮੰਗੂ ਰਾਮ ’ਤੇ ਚੋਰੀ ਦਾ ਝੂਠਾ ਇਲਜਾਮ ਲਗਾਉਣ ਦਾ ਦੋਸ਼ ਲਗਾਉਣ ਦੀ ਗੱਲ ਆਖ ਕੇ ਬਲਜੀਤ ਰਾਮ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਏ। ਬਲਜੀਤ ਰਾਮ ਨੂੰ ਇਲਾਜ ਲਈ ਮੈਕਸ ਹਸਪਤਾਲ ਬਠਿੰਡਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਮਾ ਪੁਲੀਸ ਨੇ ਨਰੇਸ਼ ਕੁਮਾਰ ਦੇ ਬਿਆਨਾਂ ’ਤੇ ਮੰਗੂ, ਰਵੀ, ਪੱਪੂ ਅਤੇ ਸੱਬੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।