ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੂਨ
ਮਾਲਵਾ ਖੇਤਰ ਵਿੱਚ 17 ਜੂਨ ਤੋਂ ਝੋਨੇ ਦੀ ਲਵਾਈ ਆਰੰਭ ਹੋ ਰਹੀ ਹੈ, ਜਿਸ ਲਈ ਪਰਵਾਸੀ ਮਜ਼ਦੂਰ ਇਥੇ ਪੁੱਜਣੇ ਆਰੰਭ ਹੋ ਗਏ ਹਨ। ਜਿਹੜੇ ਮਜ਼ਦੂਰ ਆ ਗਏ ਹਨ, ਉਨ੍ਹਾਂ ਨੇ ਕਿਸਾਨਾਂ ਦੀਆਂ ਮੋਟਰਾਂ ਉਤੇ ਆਪਣਾ ਰੈਣ-ਬਸੇਰਾ ਬਣਾ ਲਿਆ ਹੈ।
ਝੋਨਾ ਲਾਉਣ ਲਈ ਲੇਬਰ ਦੀ ਸਮੱਸਿਆ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ ਜੋ ਮਸ਼ੀਨਾਂ ਮਾਲਵਾ ਖੇਤਰ ਵਿਚ ਕਿਸਾਨਾਂ ਲਈ ਲਿਆਂਦੀਆਂ ਗਈਆਂ ਸਨ, ਉਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਨਾ ਆਉਣ ਕਾਰਨ ਹੀ ਕਿਸਾਨ ਪਰਵਾਸੀ ਮਜ਼ਦੂਰਾਂ ਤੋਂ ਝੋਨਾ ਲਵਾਉਣ ਲਈ ਮਜਬੂਰ ਹਨ। ਦੱਖਣੀ ਪੰਜਾਬ ਦੇ ਇਸ ਖੇਤਰ ਵਿਚ ਪਰਵਾਸੀ ਮਜ਼ਦੂਰਾਂ ਵਲੋਂ ਝੋਨੇ ਦੀ ਲਵਾਈ ਦਾ ਬਹੁਤਾ ਕੰਮ ਯੂ.ਪੀ ਅਤੇ ਬਿਹਾਰ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰ ਹੀ ਕਰਦੇ ਹਨ। ਭਾਵੇਂ ਇਸ ਖੇਤਰ ਵਿਚ ਇਹ ਪਰਵਾਸੀ ਮਜ਼ਦੂਰ ਲੰਬੇ ਸਮੇਂ ਤੋਂ ਝੋਨਾ ਲਾਉਣ ਦਾ ਕੰਮ ਕਰਨ ਲਈ ਆ ਰਹੇ ਹਨ, ਪਰ ਦੇਸ਼ ਭਰ ਅੰਦਰ, ਜੋ ਮਗਨਰੇਗਾ ਸਕੀਮ ਲਾਗੂ ਹੋਈ ਹੈ, ਉਸ ਨੇ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿਚ ਆਮਦ ਕਾਫ਼ੀ ਘਟਾ ਦਿੱਤੀ ਹੈ, ਜਿਸ ਕਰਕੇ ਇਹ ਮਜ਼ਦੂਰ ਪਹਿਲਾਂ ਦੇ ਮੁਕਾਬਲੇ ਘੱਟ ਆਉਣ ਲੱਗੇ ਹਨ। ਮਜ਼ਦੂਰਾਂ ਦੀ ਇਸ ਘਾਟ ਨੇ ਹੀ ਕਿਸਾਨਾਂ ਲਈ ਝੋਨੇ ਦੀ ਲੇਬਰ ਵਾਲੀ ਤਕਲੀਫ਼ ਪੈਦਾ ਕਰ ਦਿੱਤੀ ਹੈ। ਇਸੇ ਤਕਲੀਫ਼ ਨੂੰ ਲੈ ਕੇ ਹੀ ਕਿਸਾਨ ਹੁਣ ਪ੍ਰਵਾਸੀ ਮਜ਼ਦੂਰਾਂ ਦੀ ਭਾਲ ਲਈ ਰੇਲਵੇ ਸਟੇਸ਼ਨਾਂ ’ਤੇ ਡੇਰੇ ਲਾਉਣ ਲੱਗੇ ਹਨ। ਉਧਰ ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਝੋਨੇ ਦੀ ਲੁਵਾਈ ਦਾ ਕਾਰਜ ਅਜੇ ਤੱਕ 3500 ਤੋਂ 4000 ਰੁਪਏ ਤੱਕ ਚੱਲਣ ਲੱਗਿਆ ਹੈ, ਜਦੋਂ ਕਿ ਅਗਲੇ ਦਿਨਾਂ ’ਚ ਪਰਵਾਸੀ ਮਜ਼ਦੂਰਾਂ ਦੀ ਆਮਦ ਜ਼ਿਆਦਾ ਹੋਣ ਕਰਕੇ ਇਹ ਰੇਟ ਹੇਠ ਉਪਰ ਹੋ ਸਕਦੇ ਹਨ।