ਪੱਤਰ ਪ੍ਰੇਰਕ
ਮਾਨਸਾ, 19 ਅਗਸਤ
ਲੰਪੀ ਸਕਿਨ ਨਾਲ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਹੁਣ ਹਰ-ਰੋਜ਼ ਦਿਨ ਚੜ੍ਹਦੇ ਸਾਰ ਮਰੇ ਹੋਏ ਪਸ਼ੂਆਂ ਨੂੰ ਚੁੱਕ ਕੇ ਦੱਬਿਆ ਜਾਣ ਲੱਗਾ ਹੈ। ਇਨ੍ਹਾਂ ਪਿੰਡਾਂ ਵਿੱਚ ਕਈ ਲਾਵਾਰਿਸ ਪਸ਼ੂ ਸੜਕਾਂ ’ਤੇ ਮਰੇ ਦਿਖਾਈ ਦਿੰਦੇ ਹਨ, ਜਿਨ੍ਹਾਂ ਕਰ ਕੇ ਹੋਰਨਾਂ ਤੰਦਰੁਸਤ ਪਸ਼ੂਆਂ ਦੇ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਇਸ ਬਿਮਾਰੀ ਨਾਲ ਜੂਝਣ ਲਈ ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਨੂੰ ਪਿੰਡਾਂ ਵਿੱਚ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਪਰ ਇਹ ਡਾਕਟਰ ਖਾਲੀ ਹੱਥੀਂ ਪਸ਼ੂਆਂ ਦਾ ਇਲਾਜ ਕਰਨ ਤੋਂ ਹੱਥ ਖੜ੍ਹੇ ਕਰੀ ਬੈਠੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮਾਨਸਾ ਜ਼ਿਲ੍ਹਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਯੂਨਿਟਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 85 ਪਿੰਡਾਂ ਵਿੱਚ ਹੁਣ ਤੱਕ ਇਸ ਬਿਮਾਰੀ ਕਾਰਨ 881 ਪਸ਼ੂ ਮਰ ਚੁੱਕੇ ਹਨ। ਜਥੇਬੰਦੀ ਵੱਲੋਂ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਦੇ ਪਿੰਡ ਧਿੰਗੜ ਵਿੱਚ 20, ਦਸੌਧੀਆ ਤੇ ਭਲਾਈਕੇ ’ਚ 10, ਸਹਾਨੇਵਾਲੀ ’ਚ 9, ਰਾਏਪੁਰ ’ਚ 15, ਬਾਜੇਵਾਲਾ ’ਚ 9, ਭੰਮੇ ਕਲਾਂ ’ਚ 10, ਉਲਕ ’ਚ 6, ਭੰਮੇ ਖੁਰਦ ’ਚ 5, ਲਾਲਿਆਂਵਾਲੀ ’ਚ 5, ਉਡਤ ’ਚ 5, ਝੁਨੀਰ 6, ਅਤਲਾ ਕਲਾਂ ’ਚ 13, ਭੁਪਾਲ ਕਲਾਂ ’ਚ 8, ਅਤਲਾ ਖੁਰਦ 6, ਬੀਰ ਖੁਰਦ 3, ਰੜ੍ਹ 17, ਅਕਲੀਆ 28, ਜੋਗਾ 32, ਰੱਲਾ 26, ਬੱਪੀਆਣਾ 11, ਫਫੜੇ ਭਾਈਕੇ 15, ਫਰਮਾਹੀ 10, ਖੀਵਾ ਕਲਾਂ 18, ਖੀਵਾ ਖੁਰਦ 6, ਮੱਤੀ 8, ਮੌਜੋ 6, ਗੁੜਥੜੀ 6, ਝੱਬਰ 5, ਅਨੂਪਗੜ੍ਹ 3, ਅਲੀਸ਼ੇਰ ਕਲਾਂ 4, ਮਾਖਾ 4, ਖੀਵਾ ਦਿਆਲੂਵਾਲਾ 4, ਕੋਟਲੱਲੂ 18, ਦਲੇਲਵਾਲਾ 14, ਖਿੱਲਣ 12, ਬਰਨਾਲਾ 11, ਖਾਰਾ 20, ਜਵਾਹਰਕੇ 10, ਨੰਗਲ ਕਲਾਂ 15, ਖੁਰਦ ਖੁਰਦ 14, ਸਹਾਰਨਾ 10, ਹੀਰੇਵਾਲਾ 12, ਠੂਠਿਆਂਵਾਲੀ 17, ਕੋਟਲੀ ਕਲਾਂ 18, ਬੁਰਜਰਾਠੀ 15, ਭਾਈਦੇਸਾ 18, ਕੱਲ੍ਹੋ 12, ਤਾਮਕੋਟ 22, ਬੁਰਜ ਢਿੱਲਵਾਂ 30, ਖੜਕ ਸਿੰਘ ਵਾਲਾ 22, ਮੂਸਾ 13, ਸੱਦਾ ਸਿੰਘ ਵਾਲਾ 16, ਰਮਦਿੱਤੇਵਾਲਾ 20, ਘਰਾਂਗਣਾ 15, ਦੂਲੋਵਾਲ 25, ਖੋਖਰ ਖੁਰਦ 18, ਖੋਖਰ ਕਲਾਂ 20, ਭੈਣੀਬਾਘਾ 26, ਮਾਖਾ 14, ਫੱਤਾ ਮਾਲੋਕਾ 5, ਝੰਡੂਕੇ 4, ਮੀਰਪੁਰ ਕਲਾਂ 5, ਟਿੱਬੀ ਹਰੀ ਸਿੰਘ 3, ਕੁਸਲਾ 4,ਜਟਾਣਾ ਕਲਾਂ 5, ਝੰਡਾ ਕਲਾਂ 3, ਸਰਦੂਲੇਵਾਲਾ 2 ਗਾਵਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਸ ਤੋਂ ਕਿਤੇ ਵੱਧ ਗਾਵਾਂ ਪਿੰਡਾਂ ਵਿੱਚ ਬਿਮਾਰ ਪਈਆਂ ਹਨ।
ਜਥੇਬੰਦੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਮਾਹਿਰ ਏਸੀ ਕਮਰਿਆਂ ’ਚ ਬੈਠ ਕੇ ਸਰਕਾਰ ਨੂੰ ਗਲਤ ਰਿਪੋਰਟ ਭੇਜ ਰਹੇ ਹਨ। ਉੱਧਰ, ਮਾਨਸਾ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਦੱਸਿਆ ਕਿ ਮਾਨਸਾ ਜ਼ਿਲ੍ਹੇ ਅੰਦਰ 3691 ਪਸ਼ੂਆਂ ਦਾ ਇਲਾਜ ਹੋ ਚੁੱਕਾ ਹੈ। ਜ਼ਿਲ੍ਹੇ ਨੂੰ ਵੈਕਸੀਨ ਦੀਆਂ 10350 ਖੁਰਾਕਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 6728 ਖੁਰਾਕਾਂ ਤੰਦਰੁਸਤ ਪਸ਼ੂਆਂ ਨੂੰ ਲਾਈਆਂ ਜਾ ਚੁੱਕੀਆਂ ਹਨ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਸ਼ੂਆਂ ਦੇ ਇਲਾਜ ਲਈ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ।
ਅੱਠ ਬੱਕਰੀਆਂ ਤੇ ਪੰਜ ਮੱਝਾਂ ਦੀ ਭੇਤ-ਭਰੀ ਹਾਲਤ ’ਚ ਮੌਤ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਪਿੰਡ ਮਧੇਕੇ ਵਿੱਚ ਅੱਠ ਬੱਕਰੀਆਂ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਪੀੜਤ ਹਰਵਿੰਦਰ ਸਿੰਘ ਮਧੇ ਨੇ ਦੱਸਿਆ ਕਿ ਉਸ ਨੇ ਪੰਜ ਮਹੀਨੇ ਪਹਿਲਾਂ ਹੀ ਬੀਟਲ ਨਸਲ ਦੀਆਂ 20 ਬੱਕਰੀਆਂ ਰੱਖੀਆਂ ਸਨ। ਬੱਕਰੀਆਂ ਦੀ ਅਚਾਨਕ ਹਾਲਤ ਵਿਗੜਨ ’ਤੇ ਅੱਠ ਬੱਕਰੀਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਪਿੰਡ ਮੱਲੇਆਣਾ ਵਿੱਚ ਇਕ ਕਿਸਾਨ ਦੀਆਂ ਪੰਜ ਮੱਝਾਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਿੰਦਰ ਸਿੰਘ ਨੇ ਕਿਹਾ ਕਿ ਨਿਹਾਲ ਸਿੰਘ ਦੀਆਂ ਪੰਜ ਮੱਝਾਂ ਦੀ ਹੋਈ ਅਚਾਨਕ ਮੌਤ ਕਾਰਨ ਸੱਤ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਕੱਤਰ ਹੋਏ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਡੀਸੀ ਮੋਗਾ ਤੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉੱਧਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ .ਹਰਵੀਨ ਕੌਰ ਨੇ ਕਿਹਾ ਕਿ ਪਸ਼ੂਆਂ ਦੀ ਮੌਤ ਨਿਮੋਨੀਏ ਨਾਲ ਹੋਈ ਹੈ।