ਇਕਬਾਲ ਸਿੰਘ ਸ਼ਾਂਤ
ਲੰਬੀ, 16 ਮਾਰਚ
ਪੰਜਾਬੀ ਸਾਹਿਤ ਅਕਾਦਮੀ ਅਤੇ ਕਾਮਰੇਡ ਗੁਰਮੀਤ ਮੋਹਲਾਂ ਕਾਲਜ ਮੋਹਲਾਂ ਵੱਲੋਂ ਸਾਂਝੇ ਤੌਰ ’ਤੇ ਪੰਜਵੀਂ ਪੀੜ੍ਹੀ ਦੇ ਨਵੇਂ ਪੰਜ ਕਹਾਣੀਕਾਰਾਂ ਦੀਆਂ ਕਹਾਣੀਆਂ ’ਤੇ ਪੰਜ ਆਲੋਚਕਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਮੌਕੇ ਡਾ. ਪਰਮਜੀਤ ਢੀਂਗਰਾ, ਵਿਸ਼ੇਸ਼ ਮਹਿਮਾਨ ਕਹਾਣੀਕਾਰ ਜਸਪਾਲ ਮਾਨਖੇੜਾ ਅਤੇ ਕੁਲਵੰਤ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਪਰਮਜੀਤ ਢੀਂਗਰਾ ਨੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਕਹਾਣੀ ਦੇ ਵਿਸ਼ਵ ਪੱਧਰ ਹੋਣ ਦੀ ਲੋੜ ਹੈ। ਕਹਾਣੀਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਪੰਜਾਂ ਕਹਾਣੀਆਂ ਵਿਚੋਂ ਦੋ ਦਾ ਵਿਸ਼ਾ ਮਨੁੱਖੀ ਕਿਰਤ ਨਾਲ ਜੁੜਿਆ ਹੋਇਆ ਹੈ ਅਤੇ ਤਿੰਨ ਮਹਿਲਾ ਕਹਾਣੀਕਾਰਾਂ ਨੇ ਆਪਣੀ ਰਚਨਾ ਵਿਚ ਨਾਰੀ ਦੁਖਾਂਤ ਨੂੰ ਪੇਸ਼ ਕੀਤਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅਕਾਦਮੀ ਵੱਲੋਂ ਹਰ ਵਿਧਾ ਅਤੇ ਹਰ ਖੇਤਰ ਵਿਚ ਅਜਿਹੇ ਸਮਾਗਮਾਂ ਦੀ ਲੜੀ ਕਰਵਾਈ ਜਾ ਰਹੀ ਹੈ ਤਾਂ ਜੋ ਨਵੀਂ ਪੀੜ੍ਹੀ ’ਚੋਂ ਚਿੰਤਨ ਦੇ ਬੀਜ ਪਛਾਣੇ ਜਾ ਸਕਣ। ਕਹਾਣੀਕਾਰ ਸਿਮਰਨ ਧਾਲੀਵਾਲ ਦੀ ਕਹਾਣੀ ‘ਆ ਆਪਾਂ ਘਰ ਬਣਾਈਏ ’ਤੇ ਆਲੋਚਨਾ ਰੱਖਦੇ ਹੋਏ ਡਾ. ਰਵਿੰਦਰ ਸੰਧੂ ਨੇ ਕਿਹਾ ਕਿ ਕਹਾਣੀਕਾਰ ਇਕ ਸਮਾਜ ਸਿਰਜਣ ਦੀ ਗੱਲ ਕਰ ਰਿਹਾ ਹੈ।