ਪੱਤਰ ਪ੍ਰੇਰਕ
ਟੱਲੇਵਾਲ, 22 ਅਕਤੂਬਰ
ਇਥੇ ਆਮ ਆਦਮੀ ਪਾਰਟੀ ਦੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਅੱਜ ਪਿੰਡ ਚੀਮਾ ਵਿੱਚ ਵੱਖ ਵੱਖ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਪਿੰਡ ਵਿੱਚ ਲੰਬੇ ਸਮੇਂ ਤੋਂ ਬੰਦ ਪਏ ਗਲੀਆਂ ਨਾਲੀਆਂ ਦੇ ਕੰਮ ਦੀ ਵਿਧਾਇਕ ਨੇ ਸ਼ੁਰੂਆਤ ਕਰਵਾਈ, ਉੱਥੇ ਉਨ੍ਹਾਂ ਪਿੰਡ ਵਿੱਚ ਇੱਕ ਵਾਲੀਬਾਲ ਦੇ ਮੈਦਾਨ ਅਤੇ ਪਿੰਡ ਦੀ ਬਾਜ਼ੀਗਰ ਬਸਤੀ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਪਾਉਣ ਦਾ ਵੀ ਆਗਾਜ਼ ਕੀਤਾ। ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਹਰ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪਿੰਡਾਂ ਵਿੱਚ ਜਿੱਥੇ ਗੰਦੇ ਪਾਣੀ ਦੀ ਨਿਵਾਸੀ, ਗਲੀਆਂ, ਸੜਕਾਂ ਦੇ ਬੁਨਿਆਦੀ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾ ਰਿਹਾ ਹੈ, ਉੱਥੇ ਪਿੰਡਾਂ ਵਿੱਚ ਨੌਜਵਾਨਾਂ ਲਈ ਖੇਡਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਪਰਤ ਸਕਣ। ਇਸੇ ਤਹਿਤ ਹੀ ਪਿੰਡਾਂ ਵਿੱਚ ਵੱਖ ਵੱਖ ਖੇਡਾਂ ਦੇ ਮੈਦਾਨ ਬਣਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਅਧਿਕਾਰਤ ਪੰਚ ਸੁਖਮੰਦਰ ਸਿੰਘ, ਸੀਨੀ.ਆਪ ਆਗੂ ਜਗਸੀਰ ਸਿੰਘ, ਜਸਵੀਰ ਸਿੰਘ ਮਾਹੀ, ਪੰਚ ਮਹਿੰਦਰ ਸਿੰਘ, ਪੰਚ ਲਖਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਨਿਰੰਜਣ ਸਿੰਘ, ਭਿੰਦਾ ਜਾਗਲ, ਮਨਰੇਗਾ ਸੈਕਟਰੀ ਸਤਨਾਮ ਸਿੰਘ, ਆਜ਼ਾਦ ਸਪੋਰਟਸ ਕਲੱਬ ਆਗੂ ਨਵਜੀਤ ਨਵੀ, ਸੁਖਜਿੰਦਰ ਚੀਮਾ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।