ਜਸਵੀਰ ਸਿੰਘ ਭੁੱਲਰ
ਦੋਦਾ, 19 ਜੁਲਾਈ
ਇਥੋਂ ਨੇੜਲੇ ਪਿੰਡ ਛੱਤਿਆਣਾ ਵਿੱਚ ਸਿਹਤ ਵਿਭਾਗ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ਜੋ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ। ਰਛਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਸ ਦੀਆਂ ਅਤੇ ਉਸ ਦੀ ਮਾਤਾ ਦੀਆਂ ਦੋ ਸਰਵੇ ਰਿਪੋਰਟਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਰਿਪੋਰਟ ਦੋਵਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਦੂਜੀ ਵਿੱਚ ਕਰੋਨਾ ਵਾਇਰਸ ਦੇ ਲੱਛਣਾਂ ਤੋਂ ਪੀੜਤ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਰਿਪੋਰਟ ਸਹੀ ਹੈ ਉਹ ਵਰਕਰ ਉਨ੍ਹਾਂ ਦੇ ਘਰ ਆਏ ਸਨ, ਜਦੋਂਕਿ ਗ਼ਲਤ ਰਿਪੋਰਟ ਵਾਲੇ ਵਰਕਰ ਉਨ੍ਹਾਂ ਨੂੰ ਮਿਲੇ ਵੀ ਨਹੀਂ।
ਉਨ੍ਹਾਂ ਕਿਹਾ ਕਿ ਜੇ ਉਹ ਕਰੋਨਾ ਪਾਜ਼ੇਟਿਵ ਹੁੰਦੇ ਤਾਂ ਅੱਜ ਹਾਲਾਤ ਕੁੱਝ ਹੋਰ ਹੋਣੇ ਸਨ। ਉਨ੍ਹਾਂ ਗ਼ਲਤ ਰਿਪੋਰਟਾਂ ਦੀ ਜਾਂਚ ਕਰਕੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਮੁਕਤਸਰ ਦੇ ਸਿਵਲ ਸਰਜਨ ਹਰੀ ਨਰਾਇਣ ਸਿੰਘ ਨੇ ਕਿਹਾ ਕਿ ਇਸਦੀ ਸਬੰਧੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।