ਪਾਲ ਸਿੰਘ ਨੌਲੀ
ਜਲੰਧਰ,7 ਮਾਰਚ
ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀ ਅਗਵਾਈ ਹੇਠ ਦਿੱਲੀ ਦੀਆਂ ਬਰੂਹਾਂ ’ਤੇ ਡੱਟੇ ਕਿਸਾਨਾਂ ਦੇ ਸੱਦੇ ’ਤੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵੱਖ-ਵੱਖ ਪਿੰਡਾਂ ਬਿਲਗਾ, ਸੈਦੋਵਾਲ, ਸ਼ਾਦੀਪੁਰ,ਉਪਲ ਖਾਲਸਾ, ਉਪਲ ਜਗੀਰ, ਕੰਦੋਲਾ, ਭੂਪੇ ਉਪਲ, ਉਮਰਪੁਰ, ਉਧੋਵਾਲ ਤੋਂ ਔਰਤਾਂ ਦੇ ਜਥੇ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਮਹਿਲਾ ਵਿੰਗ ਦੀ ਆਗੂ ਸੁਰਜੀਤ ਕੌਰ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਨੀਤਾ ਸੰਧੂ ਨੇ ਕਿਹਾ ਕਿ ਲੋਕ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਲਈ ਸੰਘਰਸ਼ ਵਿੱਚ ਔਰਤਾਂ ਦਾ ਵੀ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਨੌਜਵਾਨ ਪੁੱਤ ਦਿੱਲੀ ਦੀਆਂ ਸਰਹੱਦਾਂ ’ਤੇ ਲੜ ਰਹੇ ਹਨ ਤਾਂ ਉਹ ਕਿਵੇਂ ਪਿੱਛੇ ਰਹਿ ਜਾਣਗੀਆਂ। ਇਸ ਮੌਕੇ ਬਲਿਹਾਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਦੀ ਅਗਵਾਈ ਕਰਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੋਮਵਾਰ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਕੀਤੇ ਜਾਣ ਵਾਲੇ ਵੱਡੇ ਇਕੱਠ ਵਿੱਚ ਸ਼ਾਮਲ ਹੋਣ ਲਈ ਅੱਜ ਇਲਾਕੇ ਦੇ ਕਈ ਪਿੰਡਾਂ ਤੋਂ ਔਰਤਾਂ ਦੇ ਜੱਥੇ ਦਿੱਲੀ ਲਈ ਰਵਾਨਾ ਹੋਏ| ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਮਲੀਆ, ਡਾਲੇਕੇ ਤੇ ਕੱਦਗਿੱਲ ਆਦਿ ਪਿੰਡਾਂ ਤੋਂ ਬੀਬੀਆਂ ਦੇ ਜੱਥਿਆਂ ਨੂੰ ਪਿੰਡਾਂ ਦੇ ਪਤਵੰਤਿਆਂ ਨੇ ਸ਼ੁੱਭਕਾਮਨਾਵਾਂ ਦੇ ਕੇ ਰਵਾਨਾ ਕੀਤਾ| ਜੱਥੇ ਦੀ ਅਗਵਾਈ ਸਵਿੰਦਰ ਕੌਰ ਕੱਦਗਿੱਲ, ਬਲਜੀਤ ਕੌਰ ਅਤੇ ਦਲਜੀਤ ਕੌਰ ਡਾਲੇਕੇ ਵੱਲੋਂ ਕੀਤੀ ਜਾ ਰਹੀ ਹੈ। ਰਵਾਨਾ ਹੋਣ ਮੌਕੇ ਕੀਤੇ ਇਕੱਠ ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਅੱਜ ਇਲਾਕੇ ਦੇ ਕਿਸਾਨ ਆਗੂ ਮਲਕੀਤ ਸਿੰਘ ਦੋਲਤਪੁਰ ਦੀ ਅਗਵਾਈ ਹੇਠ ਰਸਦ ਤੇ ਹੋਰ ਸਾਮਾਨ ਲੈ ਕੇ ਵੱਡੀ ਗਿਣਤੀ ਦਿੱਲੀ ਲਈ ਰਵਾਨਾ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਕਿਸਾਨੀ ਸੰਘਰਸ਼ ਵਿੱਚ ਹਰ ਤਰ੍ਹਾਂ ਕਿਸਾਨ ਆਗੂਆਂ ਦੇ ਨਾਲ ਹਨ ਤੇ ਖੇਤੀ ਵਿਰੁੱਧ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੀ ਸੰਘਰਸ਼ ਸਮਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਨਾਲ ਰਸਦ ਤੋਂ ਇਲਾਵਾ ਫਲ, ਪਾਣੀ ਦੀਆਂ ਬੋਤਲਾਂ ਤੇ ਹੋਰ ਸਾਮਾਨ ਵੀ ਲੈ ਕੇ ਜਾ ਰਹੇ ਹਨ।
ਘਣੀਏ ਕੇ ਬਾਂਗਰ ਤੋਂ ਦਿੱਲੀ ਲਈ ਜਥਾ ਰਵਾਨਾ
ਫ਼ਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਔਰਤ ਦਿਵਸ ਮਨਾਉਣ ਲਈ ਦਿੱਲੀ ਦੇ ਬਾਰਡਰ ’ਤੇ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਕਿਸਾਨ ਬੀਬੀਆਂ ਦਾ ਜਥਾ ਪਿੰਡ ਘਣੀਏ ਕੇ ਬਾਂਗਰ ਤੋਂ ਦਲਜੀਤ ਸਿੰਘ ਚਿਤੋੜਗੜ੍ਹ, ਨਿਸ਼ਾਨ ਸਿੰਘ ਅਤੇ ਸਾਹਿਬ ਸਿੰਘ ਦੀ ਹਾਜ਼ਰੀ ਵਿੱਚ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਜੇਲ੍ਹਾਂ ਵਿੱਚ ਨਾਜਾਇਜ਼ ਬੰਦ ਕੀਤੇ ਕਿਸਾਨ ਰਿਹਾਅ ਕੀਤੇ ਜਾਣ। ਕਿਸਾਨ ਆਗੂਆਂ ਨੇ ਦੱਸਿਆ ਪਿੰਡਾਂ ਵਿੱਚੋਂ ਵਾਰੀ ਬੰਨ੍ਹ ਕੇ ਕਿਸਾਨਾਂ ਦੇ ਜਥੇ ਖੇਤੀ ਕਨੂੰਨ ਰੱਦ ਹੋਣ ਤੱਕ ਜਾਂਦੇ ਰਹਿਣਗੇ। ਇਸ ਮੌਕੇ ਕਿਸਾਨ ਆਗੂ ਦਿਲਬਾਗ ਸਿੰਘ, ਰਣਜੀਤ ਸਿੰਘ, ਮੋਹਣ ਸਿੰਘ, ਸੁਰਜੀਤ ਸਿੰਘ ਗੋਪਾਲ ਸਿੰਘ, ਸੁਪਿੰਦਰ ਕੌਰ, ਕਸ਼ਮੀਰ ਕੌਰ ਅਤੇ ਬਲਵਿੰਦਰ ਕੌਰ ਆਦਿ ਹਾਜ਼ਰ ਸਨ।