ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 30 ਅਗਸਤ
ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਬਲਾਕ ਹਰਸ਼ਾ ਛੀਨਾ ਦੇ ਅਧੀਨ ਪੈਂਦੇ 90 ਪਿੰਡਾਂ ਵਿੱਚੋਂ ਪਿੰਡ ਮੱਲੂਨੰਗਲ ਦੀ ਜਲ ਸਪਲਾਈ ਸਕੀਮ ਤਹਿਤ ਪਾਣੀ ਵਾਲੇ ਟੈਂਕੀ ਨੇੜੇ ਬਣਾਏ ਗਏ ਪਾਰਕ ਲਈ ਪਹਿਲਾ ਸਥਾਨ ਮਿਲਣ ’ਤੇ ਪੰਚਾਇਤ ਦਾ ਸਨਮਾਨ ਕੀਤਾ ਗਿਆ।
ਸ੍ਰੀ ਜਿੰਪਾ ਨੇ ਦੱਸਿਆ ਕਿ ਪਿੰਡ ਮੱਲੂਨੰਗਲ ਦੀ ਪੰਚਾਇਤ ਤੇ ਉੱਥੋਂ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਨਾਲ ਲੋਕਾਂ ਨੂੰ ਸ਼ੁੱਧ ਤੇ ਸਾਫ਼ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਤੇ ਪਿੰਡ ਦੇ ਆਲੇ-ਦੁਆਲੇ ਦੀ ਸਫ਼ਾਈ ਅਤੇ ਬੂਟੇ ਲਾ ਕੇ ਇਸ ਨੂੰ ਹਰਿਆ-ਭਰਿਆ ਬਣਾਇਆ ਹੈ ਉਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਸ ਪਿੰਡ ਤੋਂ ਬਾਕੀ ਪਿੰਡਾਂ ਨੂੰ ਵੀ ਪ੍ਰੇਰਨਾ ਲੈ ਕੇ ਆਪਣੇ ਪਿੰਡਾਂ ਦੀ ਸਾਫ ਸਫਾਈ ਅਤੇ ਲੋਕਾਂ ਨੂੰ ਸ਼ੁੱਧ ਤੇ ਸਾਫ਼ ਪਾਣੀ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਕਈ ਯੋਜਨਾਵਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਨਹਿਰੀ ਪਾਣੀ ਨੂੰ ਪੀਣਯੋਗ ਬਣਾਉਣ ਲਈ ਤਕਰੀਬਨ 15 ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ ਜਿਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਜਸਵਿੰਦਰ ਸਿੰਘ ਰਮਦਾਸ ਵਿਧਾਇਕ ਅਟਾਰੀ, ਡਾ. ਜੀਵਨਜੋਤ ਕੌਰ ਵਿਧਾਇਕ ਅੰਮ੍ਰਿਤਸਰ ਪੂਰਬੀ, ਇੰਜ: ਕੇਐੱਸ ਸੈਣੀ, ਬੀਡੀਪੀਓ ਬਲਾਕ ਹਰਸ਼ਾ ਛੀਨਾ ਮੇਜਰ ਸਿੰਘ, ਆਪ ਆਗੂ ਸੀਮਾ ਸੋਢੀ, ਰਾਜਬੀਰ ਕੌਰ ਸਰਪੰਚ ਗ੍ਰਾਮ ਪੰਚਾਇਤ ਪਿੰਡ ਮੱਲੂਨੰਗਲ, ਸਕੱਤਰ ਗੁਰਵਿੰਦਰ ਸਿੰਘ ਮੱਲੂਨੰਗਲ, ਰਣਜੀਤ ਸਿੰਘ, ਸੁਖਬੀਰ ਸਿੰਘ, ਪ੍ਰਗਟ ਸਿੰਘ, ਧੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।