ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 17 ਦਸੰਬਰ
ਇੱਥੇ ਸਥਾਨਕ ਸਕੂਲ ਬੱਸ ਯੂਨੀਅਨ ਨੇ ਸਕੂਲ ਬੱਸਾਂ ਸਬੰਧੀ ਆਪਣੀਆਂ ਤਹਿਤ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕਰਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਅੱਜ ਦੇ ਰੋਸ ਮੁਜ਼ਾਹਰੇ ’ਚ ਜੰਡਿਆਲਾ ਗੁਰੂ ਦੇ ਸੇਂਟ ਸੋਲਜਰ ਸਕੂਲ, ਸੇਂਟ ਫਰਾਂਸਿਸ ਸਕੂਲ, ਸੰਤ ਸਿੰਘ ਸੁੱਖਾ ਸਿੰਘ ਸਕੂਲ, ਬੇਅਰਿੰਗ ਸਕੂਲ, ਸੰਤ ਡੇਅ ਬੋਰਡਿੰਗ ਸਕੂਲ ਤੇ ਹੋਰ ਸਕੂਲਾਂ ਤੋਂ ਬੱਸ ਡਰਾਈਵਰ ਸ਼ਾਮਲ ਹੋਏ। ਸਕੂਲ ਬੱਸ ਯੂਨੀਅਨ ਨੇ ਅੱਜ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਕਾਲ ਦੌਰਾਨ ਸਕੂਲ ਦੀਆਂ ਬੱਸਾਂ ਬੰਦ ਰਹਿਣ ਕਾਰਨ ਉਨ੍ਹਾਂ ਕੋਲੋਂ ਟੈਕਸ ਜਮ੍ਹਾਂ ਨਹੀਂ ਕਰਵਾਏ ਜਾ ਸਕੇ ਕਿਉਂਕਿ ਕਾਰੋਬਾਰ ਬੰਦ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਪਾਲਣੇ ਔਖੇ ਹੋ ਗਏ ਸਨ। ਸਕੂਲ ਬੱਸ ਅਪਰੇਟਰਾਂ ਤੇ ਡਰਾਈਵਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਮੁਸ਼ਕਲ ਸਮੇਂ ’ਚ ਸਕੂਲ ਬੱਸਾਂ ਦੇ ਟੈਕਸ ਮੁਆਫ ਕੀਤੇ ਜਾਣ। ਉਨ੍ਹਾਂ ਕਿਹਾ ਹਰਿਆਣਾ ਸਰਕਾਰ ਤੇ ਹੋਰ ਰਾਜਾਂ ਨੇ ਸਕੂਲ ਬੱਸਾਂ ਦੇ ਟੈਕਸ ਮਾਫ ਕੀਤੇ ਹਨ ਤੇ ਟੌਲ ਟੈਕਸ ਵੀ ਨਹੀਂ ਵਸੂਲਿਆ ਜਾਂਦਾ। ਪ੍ਰਧਾਨ ਨੇ ਕਿਹਾ ਸਕੂਲ ਵੈਨ ਸਿਰਫ਼ 40-50 ਕਿਲੋਮੀਟਰ ਪ੍ਰਤੀ ਦਿਨ ਚੱਲਦੀ ਹੈ ਤੇ ਸਵਾਰੀਆਂ ਢੋਹਣ ਵਾਲੀਆਂ ਬੱਸਾਂ 400-500 ਕਿਲੋਮੀਟਰ ਚਲਦੀਆਂ ਹਨ ਪਰ ਟੈਕਸ ਸਭ ਨੂੰ ਇੱਕੋ ਜਿਹਾ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸਕੂਲ ਬੱਸ ਡਰਾਈਵਰ ਪੰਜਾਬ ਸਰਕਾਰ ਦੇ ਵਿਰੋਧ ਕਰਨ ਹਿੱਤ ਸੜਕਾਂ ’ਤੇ ਆਉਣਗੇ। ਯੂਨੀਅਨ ਨੇ ਇਹ ਵੀ ਮੰਗ ਕੀਤੀ ਕਿ ਸਕੂਲ ਬੱਸਾਂ ਦੀ ਮਿਆਦ 15 ਦੀ ਥਾਂ 25 ਸਾਲ ਕੀਤੀ ਜਾਵੇ। ਇਸ ਮੌਕੇ ਬਲਬੀਰ ਸਿੰਘ ਗੁਨੋਵਾਲ, ਜਗਵਿੰਦਰ ਸਿੰਘ (ਸੇਂਟ ਸੋਲਜਰ ਸਕੂਲ), ਅਮਰਜੀਤ ਸਿੰਘ ਮੌਜੂਦ ਸਨ।