ਪੱਤਰ ਪ੍ਰੇਰਕ
ਫਿਲੌਰ, 11 ਮਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਥਾਨਕ ਰਵਿਦਾਸਪੁਰਾ ਮੁਹੱਲੇ ’ਚ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਜੇਕਰ ਭਾਜਪਾ ਤੀਜੀ ਵਾਰ ਸੱਤਾ ’ਚ ਆ ਗਈ ਤਾਂ ਦੇਸ਼ ਵੰਡਿਆ ਜਾਵੇਗਾ। ਮੀਟਿੰਗ ਦੀ ਪ੍ਰਧਾਨਗੀ ਜਰਨੈਲ ਫਿਲੌਰ, ਕੁਲਦੀਪ ਫਿਲੌਰ, ਰਾਮ ਲੁਭਾਇਆ, ਗਰੀਬ ਦਾਸ ਅਨੀਹਰ ਅਤੇ ਹੰਸ ਰਾਜ ਨੇ ਕੀਤੀ। ਪਾਸਲਾ ਨੇ ਅੱਗੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਬੁਲਡੋਜ਼ਰ ਦੀ ਵਰਤੋਂ ਘੱਟ ਗਿਣਤੀਆਂ ਖ਼ਿਲਾਫ਼ ਕੀਤੀ ਗਈ ਹੈ ਤੇ ਖ਼ਾਸ ਕਰ ਮੁਸਲਮਾਨਾਂ, ਦਲਿਤਾਂ, ਔਰਤਾਂ ਅਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਸਾਧਨ ਧਨ ਕੁਬੇਰ ਮਿੱਤਰਾਂ ਨੂੰ ਲੁਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਤਬਾਹ ਕੀਤਾ ਜਾ ਰਿਹਾ ਹੈ ਤੇ ਰੁਜ਼ਗਾਰ ਦੇ ਰਸਤੇ ਬੰਦ ਕਰਕੇ ਅਗਨੀਵੀਰ ਯੋਜਨਾ ਲਾਗੂ ਕਰਨ ਸਣੇ ਮੋਦੀ ਸਰਕਾਰ ਵਲੋਂ ਸੰਵਿਧਾਨ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੋਲਣ, ਲਿਖਣ ਦੀ ਆਜ਼ਾਦੀ ’ਤੇ ਵੀ ਪਾਬੰਦੀਆਂ ਹੋਣ ਉਥੇ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਪਾਸਲਾ ਮੁਤਾਬਕ ਉਨ੍ਹਾਂ ਦੀ ਪਾਰਟੀ ਇੰਡੀਆ ਗੱਠਜੋੜ ਨੂੰ ਹਮਾਇਤ ਕਰੇਗੀ ਤਾਂ ਜੋ ਦੇਸ਼ ਦੀ ਆਜ਼ਾਦੀ ਕਾਇਮ ਰਹਿ ਸਕੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆ ਨੇ ਵੀ ਸੰਬੋਧਨ ਕੀਤਾ।