ਜਗਜੀਤ ਸਿੰਘ
ਮੁਕੇਰੀਆਂ, 1 ਅਗਸਤ
ਸਥਾਨਕ ਖੰਡ ਮਿੱਲ ਵੱਲ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਮਿੱਲ ਮਾਲਕਾਂ ਨਾਲ ਮੀਟਿੰਗਾਂ ਕਰਵਾਉਣ ਵਾਲੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬਕਾਏ ਛੇਤੀ ਤੋਂ ਛੇਤੀ ਜਾਰੀ ਕਰਵਾਏ ਜਾਣ।
ਪ੍ਰਾਪਤ ਜਾਣਕਾਰੀ ਅਨੁਸਾਰ ਖੰਡ ਮਿੱਲ ਵੱਲੋਂ 31 ਜੁਲਾਈ ਤੱਕ ਮੁਕੰਮਲ ਅਦਾਇਗੀ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ, ਪਰ ਭਰੋਸੇ ਦੇ ਬਾਵਜੂਦ 38 ਕਰੋੜ ਰੁਪਏ ਦੀ ਰਕਮ ਬਕਾਇਆ ਪਈ ਹੈ। ਸਮਝੌਤਾ ਕਰਾਉਣ ਵਾਲੇ ਸੂਬੇ ਦੇ ਕੇਨ ਕਮਿਸ਼ਨਰ, ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਵੀ ਬਕਾਇਆ ਜਾਰੀ ਕਰਵਾਉਣ ਲਈ ਕੋਈ ਗੰਭੀਰ ਕਾਰਵਾਈ ਨਹੀਂ ਕਰ ਰਹੇ। ਇਸ ਦੇ ਮੱਦੇਨਜ਼ਰ ਹੁਣ ਪੱਗੜੀ ਸੰਭਾਲ ਲਹਿਰ ਨੇ 3 ਅਗਸਤ ਤੋਂ ਮੁਕੇਰੀਆਂ ਖੰਡ ਮਿੱਲ ਅੱਗੇ ਪੱਕੇ ਤੌਰ ’ਤੇ ਧਰਨਾ ਲਾ ਕੇ ਕੌਮੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਖੰਡ ਮਿੱਲ ਵੱਲ ਖੜ੍ਹੀ 90 ਕਰੋੜ ਤੋਂ ਵੱਧ ਦੀ ਅਦਾਇਗੀ ਸਬੰਧੀ ਕੇਨ ਕਮਿਸ਼ਨਰ, ਐੱਸਡੀਐੱਮ ਮੁਕੇਰੀਆਂ ਤੇ ਪੁਲੀਸ ਅਧਿਕਾਰੀਆਂ ਦੇ ਦਖ਼ਲ ’ਤੇ ਸਹਿਮਤੀ ਨਾਲ ਖੰਡ ਮਿੱਲ ਪ੍ਰਬੰਧਕਾਂ ਨੇ 31 ਜੁਲਾਈ ਤੱਕ ਅਦਾਇਗੀ ਮੁਕੰਮਲ ਕਰ ਲੈਣ ਦਾ ਲਿਖਤੀ ਸਮਝੌਤਾ ਕੀਤਾ ਸੀ, ਪਰ ਇਸ ਨੂੰ ਲਾਗੂ ਕਰਾਉਣ ਲਈ ਗੰਨਾ ਕਮਿਸ਼ਨਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਗੰਭੀਰਤਾ ਨਹੀਂ ਦਿਖਾਈ। ਸਿੱਟੇ ਵਜੋਂ ਕਿਸਾਨਾਂ ਦੀ 7-8 ਮਾਰਚ ਤੋਂ ਬਾਅਦ ਵਾਲੀ ਕਰੀਬ 38 ਕਰੋੜ ਦੀ ਰਾਸ਼ੀ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਹੈ। ਪੱਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ, ਅਮਰਜੀਤ ਸਿੰਘ ਰੜਾ ਤੇ ਸੁਖਪਾਲ ਸਿੰਘ ਡੱਫਰ ਨੇ ਕਿਹਾ ਕਿ 11 ਜੂਨ ਨੂੰ ਖੰਡ ਮਿੱਲ ਪ੍ਰਬੰਧਕਾਂ ਵੱਲੋਂ ਕੇਨ ਕਮਿਸ਼ਨਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤੇ ਸਮਝੌਤੇ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਸੱਤਾਧਾਰੀਆਂ ’ਤੇ ਦੋਸ਼ ਲਾਇਆ ਕਿ ਹੋਰਨਾਂ ਸਰਕਾਰਾਂ ਨੂੰ ਭੰਡਣ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਗੰਨੇ ਦੇ ਬਕਾਏ, ਫ਼ਸਲਾਂ ਦੇ ਮੁਆਵਜ਼ੇ ਤੇ ਹੋਰ ਕਿਸਾਨੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ 3 ਅਗਸਤ ਤੋਂ ਲਗਾਏ ਜਾ ਰਹੇ ਪੱਕੇ ਧਰਨੇ ’ਤੇ ਵੀ ਸਰਕਾਰ ਨਾ ਜਾਗੀ ਤਾਂ ਸੰਘਰਸ਼ ਵਿੱਢਿਆ ਜਾਵੇਗਾ।
ਖੰਡ ਵਿਕਣ ’ਚ ਦੇਰੀ ਹੋਣ ਕਾਰਨ ਰੁਕੀ ਅਦਾਇਗੀ: ਮੁੱਖ ਗੰਨਾ ਅਧਿਕਾਰੀ
ਖੰਡ ਮਿੱਲ ਦੇ ਮੁੱਖ ਗੰਨਾ ਅਧਿਕਾਰੀ ਸੰਜੈ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਤੈਅ ਸ਼ਰਤਾਂ ਅਨੁਸਾਰ ਖੰਡ ਵਿਕਣ ’ਚ ਦੇਰੀ ਹੋਣ ਕਰ ਕੇ ਅਦਾਇਗੀ ਵਿੱਚ ਦੇਰੀ ਹੋਈ ਹੈ ਅਤੇ ਮੌਜੂਦਾ ਸਮੇਂ ਅੰਦਰ 37.60 ਕਰੋੜ ਰੁਪਏ ਦੇ ਕਰੀਬ ਬਕਾਇਆ ਹਾਲੇ ਖੜ੍ਹਾ ਹੈ। ਸਮਝੌਤੇ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਹਾਲਾਤ ਵਿੱਚ ਸਮਝੌਤਾ ਹੋਇਆ ਹੈ ਉਸ ਬਾਰੇ ਕਿਸਾਨ ਤੇ ਸਾਰੇ ਅਧਿਕਾਰੀ ਜਾਣੂ ਹਨ। ਇਸ ਸਬੰਧੀ ਕੇਨ ਕਮਿਸ਼ਨਰ ਡਾ. ਗੁਰਵਿੰਦਰ ਸਿੰਘ ਨੇ ਫੋਨ ਨਹੀਂ ਚੁੱਕਿਆ, ਜਦਕਿ ਸਮਝੌਤੇ ਵਿੱਚ ਸ਼ਾਮਲ ਜ਼ਿਲ੍ਹਾ ਖੇਤੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਡਰਾਈਵ ਕਰਦੇ ਹੋਣ ਦੀ ਗੱਲ ਆਖ ਕੇ ਫੋਨ ਕੱਟ ਦਿੱਤਾ।