ਪੱਤਰ ਪ੍ਰੇਰਕ
ਬਲਾਚੌਰ, 19 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਦੇਸ਼ ਭਰ ਦੇ ਕਿਸਾਨਾਂ ਲਈ ਖੁਸ਼ੀਆ ਲੈ ਕੇ ਆਇਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਲੰਮੇ ਸੰਘਰਸ਼ ਅੱਗੇ ਗੋਟੇ ਟੇਕਦਿਆ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਬਲਾਚੌਰ ਦੇ ਵੱਖ-ਵੱਖ ਸਥਾਨਾਂ ਉਪਰ ਸੰਯੁਕਤ ਮੋਰਚਾ ਵੱਲੋਂ ਖੁਸ਼ੀ ਮਨਾਉਂਦਿਆ ਲੱਡੂ ਵੰਡੇ ਗਏ ਅਤੇ ਢੋਲ ਦੇ ਡਗੇ ਉਪਰ ਭੰਗੜੇ ਪਾਏ ਗਏ। ਜਿੱਥੇ ਟੌਲ ਪਲਾਜ਼ਾ ਮਜਾਰੀ ਅਤੇ ਬਛਵਾਂ ਵਿੱਚ ਸੰਘਰਸ਼ੀ ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਰੱਦ ਹੋਣ ਦੀ ਖੁਸ਼ੀ ਮਨਾਈ ਗਈ, ਉਥੇ ਹੀ ਮੇਨ ਚੌਕ ਬਲਾਚੌਰ ਵਿੱਚ ਵੀ ਕਿਸਾਨਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਸਬੰਧੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਵਾਈਸ ਪ੍ਰਧਾਨ ਹਰਵਿੰਦਰ ਸਿੰਘ ਚਾਹਲ, ਕੌਂਸਲਰ ਸੋਢੀ ਸਿੰਘ, ਤਾਰਾ ਸਿੰਘ ਸਰਪੰਚ ਪਿੰਡ ਕੰਗਨਾ ਬੇਟ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਦੋਂ ਦੇ ਖੇਤੀ ਕਾਨੂੰਨ ਪਾਸ ਕੀਤੇ ਹਨ, ਉਸ ਸਮੇਂ ਤੋਂ ਹੀ ਕਿਸਾਨਾਂ ਨੇ ਰੱਜਵੀਂ ਨੀਂਦ ਨਹੀਂ ਲਈ ਤੇ ਲੰਮਾ ਸੰਘਰਸ਼ ਕੀਤਾ ਹੈ, ਜਿਨ੍ਹਾਂ ਦੇ ਸੰਘਰਸ਼ ਅੱਗੇ ਝੁਕਦੀ ਹੋਈ ਕੇਂਦਰ ਦੀ ਮੋਦੀ ਸਰਕਾਰ ਵਲੋਂ ਅੱਜ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਉਪਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਸੇ ਤਰ੍ਹਾਂ ਅੱਜ ਟੌਲ ਪਲਾਜ਼ਾ ਬਛੂਆ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾ ਨੇ ਇਕੱਠੇ ਹੋ ਕੇ ਕਾਲੇ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਅੰਦੋਲਨ ਲਗਾਤਾਰ ਜਾਰੀ ਰਹੇਗਾ, ਇਸ ਦਾ ਅੰਤਿਮ ਫ਼ੈਸਲਾ ਸੰਯੁਕਤ ਕਿਸਾਨ ਮੋਰਚਾ ਦਿੱਲੀ ਕਰੇਗਾ।
ਤਲਵਾੜਾ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੀਤੇ ਐਲਾਨ ਨੂੰ ਸਿਵਲ ਸੁਸਾਇਟੀ ਤਲਵਾੜਾ ਨੇ ਕਿਸਾਨ ਅੰਦੋਲਨ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਸਿਵਲ ਸੁਸਾਇਟੀ ਨੇ ਕਿਸਾਨ ਅੰਦੋਲਨ ਦੀ ਸ਼ਾਨਦਾਰ ਕਾਮਯਾਬੀ ’ਤੇ ਸਥਾਨਕ ਸਬਜ਼ੀ ਮੰਡੀ ਚੌਕ ’ਤੇ ਲੱਡੂ ਵੰਡੇ।
ਸ਼ਾਹਕੋਟ (ਪੱਤਰ ਪ੍ਰੇਰਕ): ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਕੀਤੇ ਐਲਾਨ ਨੇ ਕਿਸਾਨਾਂ ਤੇ ਸੰਘਰਸ਼ ਕਰਨ ਵਾਲਿਆਂ ਵਿਚ ਇਕ ਨਵਾਂ ਜੋਸ਼ ਭਰ ਦਿੱਤਾ ਹੈ।
ਭਿੱਖੀਵਿੰਡ (ਪੱਤਰ ਪ੍ਰੇਰਕ): ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਕਿਸਾਨਾਂ ਦੇ ਏਕੇ ਤੇ ਸੰਯੁਕਤ ਕਿਸਾਨ ਮੋਰਚੇ ਦੀ ਇਤਿਹਾਸਕ ਅਗਵਾਈ ਹੇਠ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਵਿਚ ਹਰ ਵਰਗ ਚਾਹੇ ਉਹ ਸਿੱਖ ਹੈ ਹਿੰਦੂ ਹੈ ਚਾਹੇ ਉਹ ਮੁਸਲਮਾਨ ਹੈ ਸਾਰਿਆਂ ਦਾ ਸਹਿਯੋਗ ਸੀ।
ਭੋਗਪੁਰ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੋਆਬਾ ਕਿਸਾਨ ਵੈਲਫੇਅਰ ਕਮੇਟੀ ਦੇ ਕਿਸਾਨ ਆਗੂ ਹਰਸਲਿੰਦਰ ਸਿੰਘ, ਬਲਜਿੰਦਰਜੀਤ ਸਿੰਘ ਤੇ ਮੱਖਣ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਕੌਮੀ ਮਾਰਗ ’ਤੇ ਕਿਸ਼ਨਗੜ੍ਹ ਚੌਕ ਨੇੜੇ ਲੱਡੂ ਵੰਡੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਇਸੇ ਤਰ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਮਹਿੰਦਰ ਸਿੰਘ ਸੈਂਹਬੀ, ਸਰੂਪ ਸਿੰਘ, ਰਣਜੀਤ ਸਿੰਘ ਸੈਣੀ ਅਤੇ ਸਤਨਾਮ ਸਿੰਘ ਸੱਤਾ ਦੀ ਅਗਵਾਈ ਵਿੱਚ ਕੌਮੀ ਮਾਰਗ ’ਤੇ ਲੱਡੂ ਵੰਡੇ ਅਤੇ ਪਟਾਕੇ ਚਲਾਏ।
ਜੈਂਤੀਪੁਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾਂ ਵੱਲੋਂ ਟੌਲ ਪਲਾਜ਼ਾ ਕੱਥੂਨੰਗਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਿਸਾਨ ਆਗੂ ਮੰਜਿਆਵਾਲੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਰੱਦ ਕਰਨ ਦਾ ਐਲਾਨ ਕਰਨਾ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੈ।
ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਾਹਿਤਕਾਰਾਂ ਵੱਲੋਂ ਸਵਾਗਤ
ਅੰਮ੍ਰਿਤਸਰ (ਪੱਤਰ ਪ੍ਰੇਰਕ): ਭਾਰਤੀ ਪ੍ਰਧਾਨ ਮੰਤਰੀ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਦਾ ਸਾਹਿਤਕਾਰਾਂ ਨੇ ਸਵਾਗਤ ਕੀਤਾ ਹੈ। ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ, ਡਾ. ਪਰਮਿੰਦਰ, ਮਲਵਿੰਦਰ, ਹਰਜੀਤ ਸੰਧੂ, ਸਰਬਜੀਤ ਸੰਧੂ, ਜਗਤਾਰ ਗਿੱਲ, ਡਾ. ਮੋਹਨ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਸੁਰਿੰਦਰ ਚੋਹਕਾ, ਕੁਲਵੰਤ ਸਿੰਘ ਅਣਖੀ, ਮਨਮੋਹਨ ਬਾਸਰਕੇ, ਸ਼ੇਲਿੰਦਰਜੀਤ ਰਾਜਨ ਆਦਿ ਨੇ ਕਿਹਾ ਕਿ ਦੇਸ਼ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਵਿੱਢੇ ਕਿਰਸਾਨੀ ਸੰਘਰਸ਼ ਅੱਗੇ ਝੁਕਦਿਆਂ ਸਰਕਾਰ ਵਲੋਂ ਰੱਦ ਕੀਤੇ ਕਾਲੇ ਕਾਨੂੰਨਾਂ ਦੇ ਫ਼ੈਸਲੇ ਦਾ ਭਾਵੇਂ ਸਵਾਗਤ ਕਰਨਾ ਬਣਦਾ ਹੈ ਪਰ ਫਿਰ ਵੀ ਐੱਮਐੱਸਪੀ ਬਾਰੇ ਵੱਟੀ ਚੁੱਪ ਕਈ ਤਰ੍ਹਾਂ ਦੇ ਸ਼ੰਕੇ ਵੀ ਖੜ੍ਹੇ ਕਰਦੀ ਹੈ।
ਟੌਲ ਪਲਾਜ਼ਾ ਮਾਨਸਰ ’ਤੇ ਧਰਨਾ ਜਾਰੀ
ਮਾਨਸਰ (ਪੱਤਰ ਪ੍ਰੇਰਕ): ਇਥੇ ਟੌਲ ਪਲਾਜ਼ਾ ਮਾਨਸਰ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆਂ ਧਰਨਾ 405ਵੇਂ ਦਿਨ ਵੀ ਜਾਰੀ ਰਿਹਾ। ਸਾਂਝੀ ਸੰਘਰਸ ਕਮੇਟੀ ਟੌਲ ਪਲਾਜ਼ਾ ਮਾਨਸਰ ਦੇ ਆਗੂਆਂ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ। ਕਿਸਾਨਾਂ ਤੇ ਨੌਜਵਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਕਿਸਾਨ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਬੁਲੰਦ ਕੀਤੇ ਗਏ। ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਭਵਿੱਖ ਵਿੱਚ ਕੇਂਦਰ ਦੀ ਮੋਦੀ ਸਰਕਾਰ ਕੋਈ ਵੀ ਅਜਿਹਾ ਫ਼ੈਸਲਾ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਜ਼ਰੂਰ ਕਰੇਗੀ।