ਜਗਜੀਤ ਸਿੰਘ
ਮੁਕੇਰੀਆਂ, 24 ਨਵੰਬਰ
ਟਰਾਂਸਪੋਰਟ ਮੰਤਰੀ ਦੇ ਪ੍ਰਾਈਵੇਟ ਬੱਸ ਮਾਫ਼ੀਆ ਨੂੰ ਨੱਥ ਪਾ ਲੈਣ ਦੇ ਦਾਅਵਿਆਂ ਦੇ ਉਲਟ ਮੁਕੇਰੀਆਂ ਤਲਵਾੜਾ ਮਾਰਗ ਉੱਤੇ ਚੱਲ ਰਹੀਆਂ ਰਾਜਧਾਨੀ ਟਰਾਂਸਪੋਰਟ ਅਤੇ ਸੈਣੀ ਮੋਟਰ ਟੂਰਿਸਟ ਬੱਸ ਸਰਵਿਸ ਦੀਆਂ ਬੱਸਾਂ ਵਲੋਂ ਮੁਕੇਰੀਆਂ ਤੋਂ ਅੱਡਾ ਝੀਰ ਦਾ ਕਿਰਾਇਆ ਨਿਰਧਾਰਤ ਕਿਰਾਏ ਨਾਲੋਂ 5 ਰੁਪਏ ਵੱਧ ਵਸੂਲਿਆ ਜਾ ਰਿਹਾ ਹੈ। ਪੰਜਾਬ ਰੋਡਵੇਜ਼ ਦੇ ਹੁਸ਼ਿਆਰਪੁਰ ਬੱਸ ਅੱਡੇ ਦੇ ਜਾਣਕਾਰੀ ਕਾਉਂਟਰ ਅਨੁਸਾਰ ਮੁਕੇਰੀਆਂ ਤੋਂ ਝੀਰ ਦਾ ਖੂਹ ਦਾ ਕਿਰਾਇਆ 25 ਰੁਪਏ ਨਿਰਧਾਰਤ ਹੈ, ਪਰ ਰਾਜਧਾਨੀ ਟਰਾਂਸਪੋਰਟ ਕੰਪਨੀ ਅਤੇ ਸੈਣੀ ਮੋਟਰ ਟੂਰਿਸਟ ਬੱਸ ਸਰਵਿਸ ਦੀਆਂ ਬੱਸਾਂ ਵੱਲੋਂ ਇਹ ਕਿਰਾਇਆ 30 ਰੁਪਏ ਵਸੂਲਿਆ ਜਾ ਰਿਹਾ ਹੈ। ਇਸ ਸਬੰਧੀ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਅੱਜ ਦੁਪਹਿਰੇ ਕਰੀਬ 1.30 ਵਜੇ ਮੁਕੇਰੀਆਂ ਤੋਂ ਅੱਡਾ ਝੀਰ ਦਾ ਖੂਹ ਨੂੰ ਗਿਆ ਸੀ। ਉਹ ਜਦੋਂ ਰਾਜਧਾਨੀ ਕੰਪਨੀ ਦੀ ਬੱਸ ਨੰਬਰ ਪੀਬੀ-07 ਏ ਐੱਸ 6918 ਵਿੱਚ ਚੜ੍ਹਿਆ ਤਾਂ ਉਸ ਕੋਲੋਂ ਮੁਕੇਰੀਆਂ ਤੋਂ ਅੱਡਾ ਝੀਰ ਦਾ ਖੂਹ ਦਾ 30 ਰੁਪਏ ਕਿਰਾਇਆ ਵਸੂਲ ਕੀਤਾ ਗਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਬੱਸ ਕੰਡਕਟਰ ਨੇ ਕਿਰਾਇਆ ਜਾਇਜ਼ ਠਹਿਰਾਉਂਦਿਆਂ ਬੱਸ ਵਿੱਚੋਂ ਹੇਠਾਂ ਉੱਤਰ ਜਾਣ ਲਈ ਆਖਿਆ। ਇਸ ਸਬੰਧੀ ਜਦੋਂ ਉਸ ਨੇ ਬੱਸ ਦੀਆਂ ਟਿਕਟਾਂ ਚੈੱਕ ਕਰ ਰਹੇ ਚੈਕਰ ਨੂੰ ਦੱਸਿਆ ਤਾਂ ਉਸ ਨੇ ਕੰਡਕਟਰ ਦਾ ਫੈਸਲਾ ਆਖ਼ਰੀ ਦੱਸਿਆ। ਇਸੇ ਤਰ੍ਹਾਂ ਸੁਰੇਸ਼ ਕੁਮਾਰ ਵਾਸੀ ਬਹਿਮਾਵਾ ਨੇ ਦੱਸਿਆ ਕਿ ਅੱਜ ਜਦੋਂ ਉਹ ਕਰੀਬ ਸਵਾ 4 ਵਜੇ ਸੈਣੀ ਮੋਟਰ ਟੂਰਿਸਟ ਬੱਸ ਸਰਵਿਸ ਦੀ ਬੱਸ ਨੰਬਰ ਪੀਬੀ-08 ਈਡੀ 9494 ਵਿੱਚ ਅੱਡਾ ਝੀਰ ਦਾ ਖੂਹ ਤੋਂ ਮੁਕੇਰੀਆਂ ਨੂੰ ਆਉਣ ਲਈ ਚੜ੍ਚੜ੍ਹਿਆ ਤਾਂ ਉਸ ਪਾਸੋਂ ਵੀ 30 ਰੁਪਏ ਕਿਰਾਇਆ ਵਸੂਲਿਆ ਗਿਆ। ਜਦੋਂ ਉਸ ਨੇ ਵਿਰੋਧ ਕਰਦਿਆਂ ਕੰਡਕਟਰ ਨੂੰ ਆਖਿਆ ਕਿ ਕਿਰਾਇਆ ਤਾਂ 25 ਰੁਪਏ ਹੈ ਤਾਂ ਉਸ ਨੇ ਸਾਫ ਜਵਾਬ ਦਿੱਤਾ ਕਿ ਕਿਰਾਇਆ ਇੰਨਾ ਹੀ ਲੱਗਣਾ ਹੈ। ਸ਼ਿਕਾਇਤ ਕਰਤਾਵਾਂ ਨੇ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਕਿ ਵੱਧ ਕਿਰਾਇਆ ਵਸੂਲਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਨਿਰਧਾਰਤ ਕਿਰਾਇਆ 25 ਰੁਪਏ ਹੋਣ ਦੀ ਪੁਸ਼ਟੀ
ਇਸ ਸਬੰਧੀ ਜਾਣਕਾਰੀ ਕਾਊਂਟਰ ਉੱਤੇ ਤਾਇਨਾਤ ਮੁਲਾਜ਼ਮ ਨੇ ਦੱਸਿਆ ਕਿ ਅੱਡਾ ਝੀਰ ਦਾ ਖੂਹ ਤੋਂ ਮੁਕੇਰੀਆਂ ਦਾ ਕਿਰਾਇਆ 25 ਰੁਪਏ ਹੀ ਹੈ। ਜਦੋਂ ਹੁਸ਼ਿਆਰਪੁਰ ਡੀਪੂ ਦੇ ਜਨਰਲ ਮੈਨੇਜ਼ਰ ਅਰਵਿੰਦ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਾਂ ਕਿਹਾ ਕਿ ਨਿਰਧਾਰਤ ਕਿਰਾਏ ਤੋਂ ਵੱਧ ਵਸੂਲਣ ਦਾ ਮਾਮਲਾ ਆਰਟੀਏ ਦੇ ਅਧੀਨ ਆਉਂਦਾ ਹੋਣ ਕਰਕੇ ਵੱਧ ਕਿਰਾਇਆ ਵਸੂਲਣ ਦੀ ਸ਼ਿਕਾਇਤ ਮਿਲਣ ’ਤੇ ਜਾਂਚ ਉਪਰੰਤ ਆਰਟੀਏ ਨੂੰ ਸ਼ਿਕਾਇਤ ਕੀਤੀ ਜਾਵੇਗੀ। ਜਦੋਂ ਆਰਟੀਏ ਐੱਸ ਐੱਸ ਬਰਾੜ ਨੂੰ ਫੋਨ ਕੀਤਾ ਤਾਂ ਕਈ ਵਾਰ ਫੋਨ ਕਰਨ ਉੱਤੇ ਵੀ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ।