ਪੱਤਰ ਪ੍ਰੇਰਕ
ਟਾਂਡਾ, 12 ਅਕਤੂਬਰ
ਅਮਰੀਕਾ ਦੇ ਕੈਲੀਫੋਰਨੀਆ ਵਿਚ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਤ ਡਾ. ਰਣਧੀਰ ਸਿੰਘ ਦੇ ਪਰਿਵਾਰ ਦੇ ਬੇਰਹਿਮੀ ਨਾਲ ਕਤਲ ਕੀਤੇ ਚਾਰ ਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਸੈਣੀ ਯੂਥ ਫੈਡਰੇਸ਼ਨ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਇਥੋਂ ਦੇ ਸ਼ਹੀਦ ਚੌਕ ਤੋਂ ਸ਼ਿਮਲਾ ਪਹਾੜੀ ਪਾਰਕ ਤੱਕ ਮੋਮਬੱਤੀ ਮਾਰਚ ਕੱਢਿਆ। ਇਸ ਵਿੱਚ ਲੋਕ ਇਨਕਲਾਬ ਮੰਚ, ਤਰਕਸ਼ੀਲ ਸੁਸਾਇਟੀ ਅੱਡਾ ਸਰਾਂ, ਗੁਰੂ ਹਰਕ੍ਰਿਸ਼ਨ ਜੀਵਨ ਜੋਤ ਵੈੱਲਫੇਅਰ ਸੁਸਾਇਟੀ, ਸਰਬੱਤ ਦਾ ਭਲਾ ਸੇਵਾ ਸੁਸਾਇਟੀ, ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ, ਵਿਜ਼ਨ ਕੇਅਰ ਵੈੱਲਫੇਅਰ ਸੁਸਾਇਟੀ, ਦੋਆਬਾ ਕਿਸਾਨ ਕਮੇਟੀ ਪੰਜਾਬ, ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਮੈਂਬਰਾਂ ਅਤੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਭਾਗ ਲਿਆ| ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਮਨਜੀਤ ਸਿੰਘ ਦਸੂਹਾ, ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ ਆਦਿ ਨੇ ਕੈਂਡਲ ਮਾਰਚ ਕਰਦਿਆਂ ਭਾਰਤ ਅਤੇ ਅਮਰੀਕਾ ਸਰਕਾਰ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ| ਇਸ ਮੌਕੇ ਮ੍ਰਿਤਕਾਂ ਦੇ ਰਿਸ਼ਤੇਦਾਰ ਵੀ ਮੌਜੂਦ ਸਨ।