ਖੇਤਰੀ ਪ੍ਰਤੀਨਿਧ
ਬਰਨਾਲਾ, 12 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਕਲਮਛੋੜ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਭੱਠਲ ਨੇ ਕਿਹਾ ਜ਼ਿਲ੍ਹਾ ਬਰਨਾਲਾ ਦੇ ਸਮੂਹ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਨੂੰ ਆਪਣਾ ਸਮਰਥਨ ਦੇਣ ਨਾਲ ਸੰਘਰਸ਼ ਸਿਖਰਾਂ ’ਤੇ ਪਹੁੰਚ ਗਿਆ ਹੈ, ਬਗੈਰ ਕਿਸੇ ਠੋਸ ਪ੍ਰਾਪਤੀ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਪੁਰਾਣੀ ਪੈਨਸ਼ਨ ਬਹਾਲੀ, 6ਵੇਂ ਪੇਅ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ, ਕੱਚੇ ਕਾਮਿਆਂ ਨੂੰ ਪੱਕੇ ਕਰਨ ਆਦਿ ਵਾਅਦਿਆ ਤੋਂ ‘ਆਪ’ ਸਰਕਾਰ ਵੀ ਮੁਨਕਰ ਹੋ ਰਹੀ ਹੈ।
ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਈ ਮਨਿਸਟਰੀਅਲ ਸਟਾਫ ਸਟਾਫ਼ ਦੀ ਹੜਤਾਲ ਕਾਰਨ ਅੱਜ ਤੀਜੇ ਦਿਨ, ਪਿੰਡ ਤੋਂ ਕੰਮਕਾਜ ਲਈ ਆਏ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਦਫ਼ਤਰਾਂ ਵਿੱਚ ਸੁੰਨ ਪਸਰ ਗਈ ਹੈ ਮੁਲਾਜ਼ਮਾਂ ਦੀ ਹੜਤਾਲ ਕਾਰਨ ਤਹਿਸੀਲਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਕਿਸੇ ਵੀ ਤਹਿਸੀਲ ਵਿੱਚ ਬੁੱਧਵਾਰ ਨੂੰ ਕੋਈ ਰਜਿਸਟਰੀ ਨਹੀਂ ਹੋਈ।
ਦਫ਼ਤਰਾਂ ਵਿੱਚ ਲੋਕ ਹੋ ਰਹੇ ਨੇ ਖੱਜਲ-ਖ਼ੁਆਰ
ਮਾਨਸਾ (ਪੱਤਰ ਪ੍ਰੇਰਕ): ਜ਼ਿਲ੍ਹਾ ਮਾਨਸਾ ਦੇ ਸਾਰੇ ਮਨਿਸਟਰੀਅਲ ਕਾਮਿਆਂ ਵਲੋਂ ਸਮੂਹ ਦਫ਼ਤਰਾਂ ਵਿੱਚ ਸਰਕਾਰੀ ਕੰਮਕਾਜ ਮੁਕੰਮਲ ਤੌਰ ’ਤੇ ਬੰਦ ਰੱਖਿਆ ਗਿਆ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਹੜਤਾਲ ਨੂੰ ਲੈਕੇ ਆਮ ਲੋਕਾਂ ਦੇ ਕੰਮ-ਕਾਰ ਰੁਕ ਗਏ ਹਨ, ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਭਰੇ ਮਨਾਂ ਦੇ ਨਾਲ ਦਫ਼ਤਰਾਂ ’ਚ ਖਾਲੀ ਵਾਪਸ ਮੁੜਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਸਰਕਾਰ ਅੜੀਅਲ ਰਵੱਈਆ ਅਪਣਾ ਰਹੀ ਹੈ।