ਪੱਤਰ ਪ੍ਰੇਰਕ
ਅੰਮ੍ਰਿਤਸਰ, 15 ਮਾਰਚ
ਈਡੀਅਟ ਕਲੱਬ ਵੱਲੋਂ ਇਸ ਸਾਲ ਵੀ ਅੰਮ੍ਰਿਤਸਰ ’ਚ ਕਲਾਕਾਰਾਂ ਦਾ ਮੇਲਾ ਕਰਵਾਇਆ ਗਿਆ। ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫ਼ਿਲਮੀ ਅਦਾਕਾਰ ਰਾਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ’ਚ ਫਿਲਮ ਜਗਤ, ਰੰਗਮੰਚ, ਨਾਮਵਰ ਸ਼ਾਇਰ, ਪੰਜਾਬੀ ਗਾਇਕ, ਹਾਸਰਸ ਕਲਾਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਸਨ। ਸਾਰੇ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਦੇਰ ਰਾਤ ਤੱਕ ਮਹਿਫ਼ਲ ਜਮਾਈ ਰੱਖੀ। ਵਿਸ਼ਵ ਪ੍ਰਸਿੱਧ ਹਾਸਰਸ ਅਤੇ ਫ਼ਿਲਮੀ ਕਲਾਕਾਰ ਸੁਰਿੰਦਰ ਫ਼ਰਿਸ਼ਤਾ ਉਰਫ ਘੁਲੇ ਸ਼ਾਹ ਨੇ ਇਸ ਮੌਕੇ ਕਿਹਾ ਕਿ ਈਡੀਅਟ ਕਲੱਬ ਦੇ ਰਿਖੀ ਅਤੇ ਧਵਨੀ ਵਲੋਂ ਕਲਾਕਾਰਾਂ ਦਾ ਮੇਲਾ ਮਨਾਉਣ ਦਾ ਜੋ ਉਪਰਾਲਾ ਬੀਤੇ ਤਿੰਨ ਸਾਲ ਤੋਂ ਕੀਤਾ ਜਾ ਰਿਹਾ ਹੈ, ਇਹ ਸ਼ਲਾਘਾਯੋਗ ਹੈ। ਕਾਂਗਰਸੀ ਆਗੂ ਅਤੇ ਸਮਾਜ ਸੇਵਿਕਾ ਸੁਰਭੀ ਵਰਮਾ ਨੇ ਕਿਹਾ ਕਿ ਉਹ ਈਡੀਅਟ ਕਲੱਬ ਦੇ ਪ੍ਰਧਾਨ ਰਿਖੀ ਤੇ ਧਵਨੀ ਵਲੋਂ ਕੀਤੇ ਜਾਂਦੇ ਕੰਮਾਂ ਲਈ ਉਨ੍ਹਾਂ ਨੂੰ ਵਧਾਈ ਦਿੰਦੇ ਹਨ।
ਉਤਸ਼ਾਹ ਨਾਲ ਮੇਲੇ ’ਚ ਭਾਗ ਲੈਣ ਵਾਲੇ ਕਲਾਕਾਰਾਂ ਨੇ ਆਪੋ-ਆਪਣੀਆਂ ਅਦਾਵਾਂ ਤੇ ਕਲਾ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ।