ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਜੂਨ
ਇੱਥੇ ਸਰਕਟ ਹਾਊਸ ਵਿੱਚ ਅੱਜ ਦਿੱਲੀ ਦੇ ਅਗਰਵਾਲ ਪਰਿਵਾਰ ਵੱਲੋਂ 10 ਵੈਂਟੀਲੇਟਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਟ ਕੀਤੇ ਗਏ ਹਨ। ਇਨ੍ਹਾਂ ਨੂੰ ਮੈਡੀਕਲ ਸਿੱਖਿਆ ਬਾਰੇ ਮੰਤਰੀ ਉਪੀ ਸੋਨੀ ਨੇ ਪ੍ਰਾਪਤ ਕਰਦਿਆਂ ਦੱਸਿਆ ਕਿ ਅਗਰਵਾਲ ਪਰਿਵਾਰ ਨੇ 5 ਵੈਂਟੀਲੇਟਰ ਮੈਡੀਕਲ ਕਾਲਜ ਅੰਮ੍ਰਿਤਸਰ, 3 ਮੁਹਾਲੀ ਅਤੇ 2 ਮਾਤਾ ਕੌਲਾ ਮਿਸ਼ਨ ਹਸਪਤਾਲ ਨੂੰ ਦਿੱਤੇ ਹਨ। ਚਮਨ ਲਾਲ ਸੇਤੀਆ ਰਾਈਸ ਮਿੱਲ ਦੇ ਮਾਲਕ ਰਾਜੀਵ ਸੇਤੀਆ ਨੇ ਮੈਡੀਕਲ ਸਿੱਖਿਆ ਮੰਤਰੀ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੈਡੀਕਲ ਕਾਲਜ ਵਿੱਚ ਕੁਝ ਜਗ੍ਹਾ ਦੇ ਦਿੱਤੀ ਜਾਵੇ ਤਾਂ ਉਹ ਆਪਣੇ ਵੱਲੋਂ ਉਸ ਜਗ੍ਹਾ ’ਤੇ ਲੋਕ ਭਲਾਈ ਲਈ ਲੈਬਾਰਟਰੀ ਦੀ ਸਥਾਪਨਾ ਕਰਨਗੇ ਜਿਥੇ ਸਾਰੇ ਲੋੜਵੰਦ ਲੋਕਾਂ ਦੇ ਮੁਫ਼ਤ ਟੈਸਟ ਕੀਤੇ ਜਾਣਗੇ। ਸ੍ਰੀ ਸੋਨੀ ਨੇ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਆਦੇਸ਼ ਦਿੱਤੇ ਕਿ ਇਸ ਕੰਮ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਸੇਤੀਆ ਪਰਿਵਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਪਿਛਲੇ 3-4 ਸਾਲਾਂ ਤੋਂ ਐਮਰਜੈਂਸੀ ਵਾਰਡ ਵਿੱਚ ਦਾਖਲ ਹੋਣ ਵਾਲੇ ਗਰੀਬ ਵਿਅਕਤੀਆਂ ਨੂੰ ਮੁਫਤ ਦਵਾਈਆਂ ਭੇਟ ਕੀਤੀਆਂ ਜਾਂਦੀਆਂ ਹਨ ਜੋ ਸ਼ਲਾਘਾਯੋਗ ਕੰਮ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਅਸ਼ੋਕ ਸੇਠੀ ਤੇ ਰਾਜੀਵ ਸੇਤੀਆ ਆਦਿ ਹਾਜ਼ਰ ਸਨ।
ਕੰਧਾਰੀ ਪਰਿਵਾਰ ਨੇ ਦੁਬਈ ਤੋਂ ਭੇਜੇ ਸੌ ਆਕਸੀਜਨ ਕੰਸਨਟਰੇਟਰ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਦੁਬਈ ਵੱਸਦੇ ਪੰਜਾਬੀ ਸੁਰਿੰਦਰ ਸਿੰਘ ਕੰਧਾਰੀ, ਜੋ ਕਿ ਦੁਬਈ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਚੇਅਰਮੈਨ ਵੀ ਹਨ, ਵਲੋਂ ਕੋਰੋਨਾ ਸੰਕਟ ਦੇ ਚੱਲਦੇ ਅੰਮ੍ਰਿਤਸਰ ਜ਼ਿਲ੍ਹੇ ਲਈ 100 ਆਕਸੀਜਨ ਕੰਸਨਟਰੇਟਰ ਭੇਜੇ ਹਨ। ਗੁਰੂ ਨਾਨਕ ਹਸਪਤਾਲ ਵਿੱਚ ਇਹ ਕੰਸਟਰੇਟਰ ਪ੍ਰਾਪਤ ਕਰਨ ਲਈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਔਜਲਾ ਨੇ ਇਸ ਸਮੇਂ ਕੰਧਾਰੀ ਪਰਿਵਾਰ ਦਾ ਧੰਨਵਾਦ ਕੀਤਾ।