ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਸਤੰਬਰ
ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 4 ਨਵੰਬਰ ਤੋਂ 17 ਨਵੰਬਰ ਤਕ ਖੇਤਰੀ ਸਰਸ ਮੇਲਾ ਦੁਸਹਿਰਾ ਗਰਾਊਂਡ ਰਣਜੀਤ ਐਵੀਨਿਊ ਵਿਖੇ ਲਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਕਾਰੀਗਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ਅਤੇ 300 ਤੋਂ ਵੱਧ ਸਟਾਲ ਲਾਏ ਜਾਣਗੇ। ਖੇਤਰੀ ਸਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਇਸ ਮੇਲੇ ਵਿੱਚ ਦੇਸ਼ ਭਰ ਤੋਂ ਕਾਰੀਗਰ ਅਤੇ ਸੈਲਫ ਹੈਲਪ ਗਰੁੱਪ ਆਪਣੇ ਹੱਥਾਂ ਨਾਲ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣਗੇ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ- ਵੱਖ ਰਾਜਾਂ ਦੇ ਲੋਕ ਆਪਣੇ ਖਾਣ -ਪੀਣ ਦੇ ਸਟਾਲ ਵੀ ਲਗਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮੰਤਵ ਦੇਸ਼ ਭਰ ਦੇ ਛੋਟੇ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਉਤਸ਼ਾਹਿਤ ਕਰਨਾ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਸ੍ਰੀ ਮੂਧਲ ਨੇ ਦੱਸਿਆ ਕਿ ਦੇਸ਼ ਭਰ ਤੋਂ ਆਉਣ ਵਾਲੇ ਕਾਰੀਗਰਾਂ ਦੇ ਰਹਿਣ ਸਹਿਣ, ਖਾਣ ਪੀਣ ਦਾ ਪੂਰਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਜਾਵੇਗਾ। ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ।