ਵਾਸ਼ਿੰਗਟਨ, 20 ਸਤੰਬਰ
ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਟੈੱਕ ਜਾਇੰਟ ਦੀਆਂ ਭਾਰਤ ਵਿੱਚ ਭਵਿੱਖੀ ਸਰਗਰਮੀਆਂ ’ਤੇ ਚਰਚਾ ਕੀਤੀ ਹੈ। ਪਿਚਾਈ ਪਹਿਲੇ ਸਿਖਰਲੇ ਭਾਰਤ-ਅਮਰੀਕੀ ਟੈੱਕ ਕਾਰੋਬਾਰੀ ਆਗੂ ਹਨ, ਜਿਨ੍ਹਾਂ ਭਾਰਤੀ ਅੰਬੈਸੀ ਦਾ ਦੌਰਾ ਕੀਤਾ ਹੈ। ਕਾਬਿਲੇਗੌਰ ਹੈ ਕਿ ਇਹ ਮੀਟਿੰਗ ਪਿਛਲੇ ਹਫ਼ਤੇ ਵਾਸ਼ਿੰਗਟਨ ਡੀਸੀ ਵਿੱਚ ਹੋਈ ਸੀ ਤੇ ਪਿਚਾਈ ਨੇ ਇਕ ਟਵੀਟ ਕਰਕੇ ਰਾਜਦੂਤ ਸੰਧੂ ਦਾ ‘ਧੰਨਵਾਦ’ ਕੀਤਾ ਸੀ। ਪਿਚਾਈ, ਜਿਨ੍ਹਾਂ ਨੂੰ ਇਸ ਸਾਲ ਜਨਵਰੀ ਵਿੱਚ 17 ਹੋਰਨਾਂ ਨਾਲ ਪਦਮ ਭੂਸ਼ਨ ਲਈ ਨਾਮਜ਼ਦ ਕੀਤਾ ਗਿਆ ਸੀ, ਨੇ ਕਿਹਾ, ‘‘ਗੂਗਲ ਦੀ ਭਾਰਤ ਪ੍ਰਤੀ ਵਚਨਬੱਧਤਾ ’ਤੇ ਚਰਚਾ ਲਈ ਦਿੱਤੇ ਮੌਕੇ ਦੀ ਸ਼ਲਾਘਾ ਕਰਦਾ ਹਾਂ ਤੇ ਭਾਰਤ ਦੇ ਡਿਜੀਟਲ ਭਵਿੱਖ ਲਈ ਹਮਾਇਤ ਜਾਰੀ ਰੱਖਣ ਦੀ ਦਿਸ਼ਾ ਵੱਲ ਵੇਖ ਰਹੇ ਹਾਂ।’’ ਉੱਧਰ ਸੰਧੂ ਨੇ ਇਕ ਵੱਖਰੇ ਟਵੀਟ ਵਿੱਚ ਕਿਹਾ, ‘‘ਗੂਗਲ ਤੇ ਅਲਫਾਬੈੱਟ ਪਿਚਾਈ ਨੂੰ ਅੰਬੈਸੀ ਵਿੱਚ ਮਿਲ ਕੇ ਵੱਡੀ ਖੁਸ਼ੀ ਹੋਈ। ਭਾਰਤ-ਅਮਰੀਕਾ ਕਮਰਸ਼ਲ, ਗਿਆਨ ਤੇ ਟੈੱਕ ਭਾਈਵਾਲੀ ਦਾ ਘੇਰਾ ਮੋਕਲਾ ਕਰਨ ਲਈ ਇਕ ਦੂਜੇ ਨਾਲ ਵਿਚਾਰ ਸਾਂਝੇ ਕੀਤੇ।’’
ਕਾਬਿਲੇਗੌਰ ਹੈ ਕਿ ਪਿਚਾਈ ਨੇ ਗੂਗਲ ਫਾਰ ਇੰਡੀਆ ਡਿਜੀਟਾਈਜ਼ੇਸ਼ਨ ਤਹਿਤ 10 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਗੂਗਲ ਦੀ ਭਾਰਤ ਵਿੱਚ ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ਨਾਲ ਭਾਈਵਾਲੀ ਹੈ ਤੇ ਸਰਕਾਰ ਨਾਲ ਮਿਲ ਕੇ ਡਿਜੀਟਲ ਇੰਡੀਆ ਪ੍ਰੋਗਰਾਮ ਤੇ ਨੈਸ਼ਨਲ ਡਿਜੀਟਲ ਲਿਟਰੇਸੀ ਮਿਸ਼ਨ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। -ਪੀਟੀਆਈ