ਮਾਲੇ, 13 ਮਈ
ਭਾਰਤ ਨੇ ਵਿਸ਼ੇਸ਼ ਅਪੀਲ ’ਤੇ ਇੱਕ ਹੋਰ ਸਾਲ ਲਈ ਪੰਜ ਕਰੋੜ ਅਮਰੀਕੀ ਡਾਲਰ ਦੇ ਵਿੱਤੀ ਬਿੱਲ ਦੇ ਰੋਲਓਵਰ ਨਾਲ ਮਾਲਦੀਵ ਸਰਕਾਰ ਦੀ ਬਜਟ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਨੇ ਇਸ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਮਾਲਦੀਵ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪੰਜ ਕਰੋੜ ਡਾਲਰ ਦੇ ਸਰਕਾਰੀ ਵਿੱਤੀ ਬਿੱਲਾਂ ਨੂੰ ਪਿਛਲੀ ਮਿਆਦ ਪੂਰੀ ਹੋਣ ’ਤੇ ਇੱਕ ਹੋਰ ਸਾਲ ਲਈ ਵਧਾ ਦਿੱਤਾ ਹੈ। ਛੇ ਮਹੀਨੇ ਪਹਿਲਾਂ ਚੀਨ ਪੱਖੀ ਆਗੂ ਮੁਹੰਮਦ ਮੁਈਜ਼ੂ ਵੱਲੋਂ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਕਾਰਨ ਦੁਵੱਲੇ ਸਬੰਧਾਂ ਵਿੱਚ ਪੈਦਾ ਹੋਏ ਤਣਾਅ ਦੇ ਬਾਵਜੂਦ ਭਾਰਤ ਨੇ ਇਹ ਫ਼ੈਸਲਾ ਲਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਤੋਂ ਬਜਟ ਸਹਾਇਤਾ ਪ੍ਰਾਪਤ ਕਰਨ ਲਈ ਮਾਲਦੀਵ ਸਰਕਾਰ ਦੀ ਵਿਸ਼ੇਸ਼ ਬੇਨਤੀ ’ਤੇ ਇਹ ਮਦਦ ਕੀਤੀ ਗਈ ਹੈ ਮਾਲਦੀਵ ਸਰਕਾਰ ਨੇ ਭਾਰਤ ਦੇ ਇਸ ਸਮਰਥਨ ਲਈ ਧੰਨਵਾਦ ਕੀਤਾ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਨੇ ਕਿਹਾ, ‘‘ਮੈਂ ਪੰਜ ਕਰੋੜ ਡਾਲਰ ਦੇ ਵਿੱਤੀ ਬਿੱਲ ਦੇ ਰੋਲਓਵਰ ਰਾਹੀਂ ਮਾਲਦੀਵ ਦੀ ਬਜਟ ਸਹਾਇਤਾ ਕਰਨ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ। ਇਹ ਮਾਲਦੀਵ ਅਤੇ ਭਾਰਤ ਵਿਚਾਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਦੋਸਤਾਨਾਂ ਸਬੰਧਾਂ ਨੂੰ ਦਰਸਾਉਂਦਾ ਹੈ।’’ ਬਿਆਨ ਅਨੁਸਾਰ ਮੂਸਾ ਜ਼ਮੀਰ ਨੇ 8-10 ਮਈ ਤੱਕ ਭਾਰਤ ਫੇਰੀ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇਸ ਸਬੰਧੀ ਬੇਨਤੀ ਕੀਤੀ ਸੀ। -ਪੀਟੀਆਈ