ਟੋਕੀਓ, 27 ਜੁਲਾਈ
ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਅਤੇ ਮਨੂ ਭਾਕਰ ਮੰਗਲਵਾਰ ਨੂੰ ਇਥੇ ਟੋਕੀਓ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਲਈ ਕੁਆਲੀਫਿਕੇਸ਼ਨ ਦੇ ਦੂਜੇ ਪੜਾਅ ਵਿੱਚ ਪਹਿਲਾ ਪ੍ਰਦਰਸ਼ਨ ਦੁਹਰਾਉਣ ਵਿੱਚ ਅਸਫਲ ਰਹੀ ਅਤੇ ਆਖਰਕਾਰ ਉਹ ਸੱਤਵੇਂ ਸਥਾਨ ’ਤੇ ਰਹਿ ਗਈ। ਭਾਰਤੀ ਜੋੜੀ ਨੇ ਪਹਿਲੇ ਗੇੜ ਵਿਚ 582 ਅੰਕਾਂ ਨਾਲ ਸਿਖਰ ‘ਤੇ ਰਹਿ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ ਸੀ ਪਰ ਸੌਰਭ ਨੂੰ ਮਨੂ ਤੋਂ ਲੋੜੀਂਦਾ ਸਹਿਯੋਗ ਨਾ ਮਿਲਣ ਕਾਰਨ ਭਾਰਤ ਦੀਆਂ ਤਗਮੇ ਦੀਆਂ ਆਸਾਂ ਖਤਮ ਹੋ ਗਈਆਂ। ਸੌਰਭ ਨੇ ਦੂਜੇ ਗੇੜ ਵਿੱਚ 194 (96 ਅਤੇ 98) ਅੰਕ ਬਣਾਏ ਪਰ ਮਨੂ 186 (92 ਤੇ 94) ਅੰਕ ਬਣਾ ਸਕੀ। ਇਸ ਤਰ੍ਹਾਂ ਇਹ ਭਾਰਤੀ ਜੋੜੀ 380 ਦੇ ਕੁੱਲ ਸਕੋਰ ਨਾਲ ਸੱਤਵੇਂ ਸਥਾਨ ’ਤੇ ਰਹੀ।