ਸਾਂਵਲ ਧਾਮੀ
“ਮੈਂ ਰਾਣਾ ਸਫ਼ਦਰ ਖਾਂ, ਨੈਰੋਬੀ ਤੋਂ ਗੱਲ ਕਰ ਰਿਹਾ ਹਾਂ। ਸਾਡਾ ਜ਼ਿਲ੍ਹਾ ਅੰਬਾਲਾ ਦੀ ਤਹਿਸੀਲ ਰੋਪੜ ਵਿਚ ਪਿੰਡ ਸੀ, ਬੜਾ ਗਰਾਓਂ। ਹੁਣ ਇਸਦਾ ਨਾਂ ਦੇਹ ਕਲਾਂ ਏ। ਮੇਰਾ ਚਾਚਾ ਸੰਤਾਲੀ ਵਿਚ ਗੁਆਚ ਗਿਆ ਸੀ।”
ਮੈਂ ਉਸਨੂੰ ਪੂਰੀ ਕਹਾਣੀ ਸੁਣਾਉਣ ਨੂੰ ਆਖਿਆ।
“ਸਾਡਾ ਵਡੇਰਾ ਖਰੈਤੀ ਸਿੰਘ, ਖ਼ਵਾਜਾ ਮੋਇਨੂਦੀਨ ਚਿਸ਼ਤੀ ਦਾ ਮੁਰੀਦ ਹੋ ਗਿਆ ਸੀ। ਮਲਿਕਪੁਰ, ਪੰਨੂਆਂ, ਛੋਟਾ ਤੇ ਵੱਡਾ ਚੋਲਟਾ, ਵਡਾਲੀ, ਮਦਨਹੇੜੀ, ਬਜੇਹੜੀ, ਪੀਰ ਸੁਹਾਣਾ, ਸੋਤਲ, ਖਾਨਪੁਰ, ਮਾਣਕਪੁਰ ਸ਼ਰੀਫ਼, ਮਹਿਮਦਪੁਰ, ਚਤਾਮਲਾ, ਭਗੜਾਣਾ, ਬਡਵਾਲਾ, ਬੜਾ ਗਰਾਓਂ, ਇਸ ਇਲਾਕੇ ਵਿਚ ਕੌੜੀ ਰਾਜਪੂਤਾਂ ਦੇ ਸਤਾਈ ਪਿੰਡ ਹੁੰਦੇ ਸਨ। 1887 ਤੋਂ 1914 ਤਕ ਇਨ੍ਹਾਂ ਪਿੰਡਾਂ ਦਾ ਚੌਧਰੀ ਮੇਰਾ ਪੜ੍ਹਦਾਦਾ ਛੱਜੂ ਖਾਂ ਹੁੰਦਾ ਸੀ। ਮੇਰਾ ਦਾਦਾ ਲੰਬੜਦਾਰ ਖ਼ੈਰ ਦੀਨ ਬੜੇ ਗਰਾਓਂ ’ਚ ਅੱਧੇ ਰਕਬੇ ਦਾ ਮਾਲਕ ਸੀ।
ਸਾਡੇ ਖ਼ਾਨਦਾਨ ਦੇ ਕੁਝ ਬੰਦੇ ਵੀਹਵੀ ਸਦੀ ਦੇ ਸ਼ੁਰੂ ਤੋਂ ਪੂਰਬੀ ਅਫ਼ਰੀਕਾ ਵਿਚ ਜਾ ਵਸੇ ਸਨ। ਉਦੋਂ ਇਹ ਇਲਾਕਾ ਬਰਤਾਨੀਆਂ ਸਾਮਰਾਜ ਦਾ ਹਿੱਸਾ ਹੁੰਦਾ ਸੀ। ਇਸਨੂੰ ਕੀਨੀਆ ਕਾਲੋਨੀ ਦਾ ਨਾਂ 1920 ਵੀਹ ਵਿਚ ਮਿਲਿਆ ਸੀ।
ਮੇਰੇ ਬਾਪ ਹਾਜੀ ਅਬਦੁੱਲ ਗਫ਼ੂਰ ਖਾਂ ਨੇ ਖਰੜ ਤੋਂ ਦਸਵੀਂ ਕੀਤੀ ਸੀ। ਫਿਰ ਕੁਝ ਸਾਲ ਉਹ ਕੀਨੀਆ ਵਿਚ ਪੜ੍ਹਿਆ। 1934 ਵਿਚ ਉਹ ਸ਼ਿਮਲੇ ਦੇ ਮਿਸ਼ਨਰੀ ਸਕੂਲ ਵਿਚ ਪੜ੍ਹਾਉਣ ਲੱਗਾ। ਸੰਤਾਲੀ ਦੇ ਅਗਸਤ ਮਹੀਨੇ ਉਸਨੂੰ ਪਿੰਡ ਮੁੜਨਾ ਪਿਆ। ਜਦੋਂ ਹਾਲਾਤ ਬਦਤਰ ਹੋਏ ਤਾਂ ਮੁਸਲਮਾਨ ਖਰੜ ਵਾਲੇ ਕੈਂਪ ਵੱਲ ਤੁਰ ਪਏ। ਮੇਰਾ ਵੱਡਾ ਚਾਚਾ ਸਤਾਰ ਖਾਂ ਘੋੜੀ ’ਤੇ ਸਵਾਰ ਸੀ। ਦਾਦੇ ਨੇ ਸਾਰਾ ਸੋਨਾ ਦੇ ਕੇ ਉਸਨੂੰ ਨੌਕਰ ਕਿਸ਼ਨੇ ਨਾਲ ਤੋਰਿਆ ਸੀ। ਕਿਸ਼ਨੇ ਨੇ ਉਸਨੂੰ ਰਾਹ ਵਿਚ ਕਤਲ ਕਰਕੇ ਸਾਰਾ ਮਾਲ ਲੁੱਟ ਲਿਆ। ਬਾਕੀ ਲੋਕ ਵਡਾਲੀ ਤੋਂ ਹੁੰਦੇ ਹੋਏ ਖਰੜ ਪਹੁੰਚੇ ਤਾਂ ਉੱਥੇ ਇਨ੍ਹਾਂ ’ਤੇ ਹਮਲਾ ਹੋ ਗਿਆ। ਦਾਦੇ ਦਾ ਸਕਾ ਭਰਾ ਮੁਣਸ਼ੀ ਖਾਂ ਤੇ ਭਾਬੀ ਦਾ ਊੱਥੋਂ ਦੇ ਸਰਕਾਰੀ ਹਸਪਤਾਲ ਮੂਹਰੇ ਕਤਲ ਕਰ ਦਿੱਤਾ ਗਿਆ। ਬਾਕੀ ਜਿੱਧਰ ਨੂੰ ਮੂੰਹ ਕੀਤਾ ਦੌੜ ਪਏ। ਬਹੁਤਿਆਂ ਨੇ ਗੰਨੇ ਦੇ ਖੇਤਾਂ ਵਿਚ ਲੁਕ ਕੇ ਜਾਨ ਬਚਾਈ।
ਮੇਰਾ ਛੋਟਾ ਚਾਚਾ ਸ਼ਫ਼ੀ ਮੁਹੰਮਦ ਉਦੋਂ ਬਾਰ੍ਹਾਂ ਕੁ ਵਰ੍ਹਿਆਂ ਦਾ ਸੀ। ਉਸਦਾ ਅੱਜ ਤਕ ਕੋਈ ਪਤਾ ਨਹੀਂ। ਮੇਰਾ ਅੱਬਾ ਉਸਨੂੰ ਲੱਭਣ ਵਾਸਤੇ 1991 ਵਿਚ ਭਾਰਤ ਵੀ ਗਿਆ। ਪਿੰਡ ਵਾਲਿਆਂ ਨੇ ਉਸਨੂੰ ਦੱਸਿਆ ਸੀ ਕਿ ਸ਼ਫ਼ੀ ਚਾਚਾ ਕੋਈ ਚਾਰ ਕੁ ਮਹੀਨਿਆਂ ਬਾਅਦ ਪਿੰਡ ਆਇਆ ਸੀ। ਕਿਸੇ ਉਸਨੂੰ ਇਹ ਦੱਸ ਦਿੱਤਾ ਕਿ ਉਸਦਾ ਸਾਰਾ ਖ਼ਾਨਦਾਨ ਕਤਲ ਹੋ ਗਿਆ ਏ। ਉਹ ਧਾਹਾਂ ਮਾਰਦਾ ਪਿੰਡੋਂ ਚਲਾ ਗਿਆ। ਮੇਰੇ ਅੱਬਾ ਨੂੰ ਇਹ ਵੀ ਪਤਾ ਲੱਗਿਆ ਕਿ ਉਹ ਕਾਲਕਾ ਵਿਚ ਖੱਤਰੀਆਂ ਦੇ ਘਰ ਰਹਿ ਰਿਹਾ ਏ। ਉਹ ਸ਼ਫ਼ੀ ਮੁਹੰਮਦ ਤੋਂ ਧਨੀ ਰਾਮ ਹੋ ਗਿਆ ਸੀ। ਮੇਰਾ ਅੱਬਾ ਕਾਲਕਾ ਵੀ ਗਿਆ, ਪਰ ਸ਼ਫ਼ੀ ਚਾਚੇ ਦਾ ਕੋਈ ਥਹੁ-ਪਤਾ ਨਾ ਲੱਗਿਆ। ਹੁਣ ਤਾਂ ਉਹ ਸ਼ਾਇਦ ਹੀ ਜਿਉਂਦਾ ਹੋਏ। ਉਹ ਨਾ ਸਹੀ, ਚਲੋ ਅਸੀਂ ਉਸਦੀ ਔਲਾਦ ਨਾਲ ਗੱਲ ਕਰ ਲਵਾਂਗੇ! ਉਨ੍ਹਾਂ ਦੇ ਮੂੰਹੋਂ ਚਾਚੇ ਸ਼ਫ਼ੀ ਦੀ ਦਾਸਤਾਂ ਸੁਣ ਲਵਾਂਗੇ। ਮੇਰਾ ਅੱਬਾ ਤੇ ਦਾਦਾ ਉਸ ਲਈ ਮੌਤ ਤਕ ਤੜਫ਼ਦੇ ਰਹੇ।”
ਮੈਂ ਇਸ ਦਰਦ-ਕਹਾਣੀ ਨੂੰ ਠਰੰਮੇ ਨਾਲ ਸੁਣਿਆ ਤੇ ਉਸ ਕੋਲੋਂ ਲਹਿੰਦੇ ਪੰਜਾਬ ਵਿਚਲਾ ਪਤਾ-ਟਿਕਾਣਾ ਪੁੱਛਿਆ।
“ਸਾਨੂੰ ਲਾਇਲਪੁਰ ਦੀ ਤਹਿਸੀਲ ਸਮੁੰਦਰੀ ਤੋਂ ਚਾਰ ਕਿਲੋਮੀਟਰ ਦੂਰ ਚੱਕ ਨੰਬਰ 445 ਜੀ.ਬੀ. ’ਚ ਰਕਬਾ ਮਿਲਿਆ ਸੀ। ਮੈਂ ਤਾਂ ਵੰਡ ਤੋਂ ਵੀਹ ਸਾਲ ਬਾਅਦ ਜੰਮਿਆਂ। ਸੰਤਾਲੀ ਤੋਂ ਪਹਿਲਾਂ ਇੱਥੇ ਤਕੜੇ ਸਰਦਾਰ ਵੱਸਦੇ ਹੋਣਗੇ। ਵੱਡੇ-ਵੱਡੇ ਘਰ, ਦੋ ਮੰਜ਼ਿਲਾ ਖ਼ੂਬਸੂਰਤ ਗੁਰਦੁਆਰਾ ਹੁੰਦਾ ਸੀ।” ਉਹ ਮਾਣ ਜਿਹੇ ’ਚ ਬੋਲਿਆ।
ਰਾਣੇ ਸਫ਼ਦਰ ਦੇ ਟੱਬਰ ਨੂੰ ਸ਼ਰਮਾ ਸਿੰਘ ਦਾ ਘਰ ਮਿਲਿਆ ਸੀ। ਇਹ ਲਾਇਲਪੁਰ ਜ਼ਿਲ੍ਹੇ ਦਾ ਮਸ਼ਹੂਰ ਡਾਕੂ ਸੀ। ਜਦੋਂ ਬੜੇ ਗਰਾਓਂ ਵਾਲਿਆਂ ਨੇ ਉਹ ਘਰ ਮੱਲਿਆ ਤਾਂ ਸਭ ਹੈਰਾਨ ਰਹਿ ਗਏ। ਕੋਨੇ ਵਿਚ ਬਣੀ ਬੈਠਕ ਅੰਦਰ ਕੋਈ ਬੰਦਾ ਪਹਿਲਾਂ ਤੋਂ ਰਹਿ ਰਿਹਾ ਸੀ। ਪੱਚਵੰਜਾ ਵਰ੍ਹੇ ਦੇ ਕਰੀਬ ਉਮਰ, ਸਾਢੇ ਛੇ ਫੁੱਟ ਕੱਦ, ਸਾਂਵਲਾ ਰੰਗ ਤੇ ਖ਼ੂਬਸੂਰਤ ਨੈਣ-ਨਕਸ਼। ਖੁੱਲ੍ਹੀ ਦਾੜ੍ਹੀ ਤੇ ਵਾਲ, ਜੋ ਉਸਨੇ ਫ਼ਕੀਰਾਂ ਵਾਂਗ ਮੋਢਿਆਂ ’ਤੇ ਸੁੱਟੇ ਹੋਏ ਸਨ। ਬਾਰ੍ਹਾਂ-ਤੇਰਾਂ ਦੇ ਕਰੀਬ ਕੁੱਤੇ ਉਸ ਨਾਲ ਹਰ ਵਕਤ ਰਹਿੰਦੇ ਸਨ।
ਕੋਈ ਸਾਈਂ-ਫ਼ਕੀਰ ਸਮਝਦਿਆਂ, ਇਸ ਤੌਣੀ ਪਰਿਵਾਰ ਨੇ ਉਸਨੂੰ ਰੋਟੀ ਦੇਣੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਇਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਕੋਈ ਸਿੱਖ ਏ, ਜੋ ਭੇਸ ਬਦਲ ਕੇ ਉੱਥੇ ਰਹਿ ਰਿਹਾ ਏ। ਭਾਵੇਂ ਇਸ ਖ਼ਾਨਦਾਨ ਦੇ ਵੀਹ-ਬਾਈ ਬੰਦੇ ਕਤਲ ਹੋ ਗਏ ਸਨ, ਪਰ ਇਨ੍ਹਾਂ ਨੇ ਉਸ ਸ਼ਖ਼ਸ ਨੂੰ ਕੁਝ ਨਾ ਆਖਿਆ।
ਸੰਤਾਲੀ ਤੋਂ ਪਹਿਲਾਂ ਦੇ ਸਾਰੇ ਮੁਸਲਮਾਨ ਸਿੱਖਾਂ ਦੇ ਘਰ ਲੁੱਟ ਕੇ ਉੱਥੋਂ ਜਾ ਚੁੱਕੇ ਸਨ। ਉੱਥੇ ਕੋਈ ਨਹੀਂ ਸੀ ਜੋ ਇਸ ਸਿੱਖ ਦੀ ਅਸਲੀਅਤ ਦੱਸ ਸਕਦਾ। ਉਹ ਰਾਤ ਨੂੰ ਬਾਰ੍ਹਾਂ ਕੁ ਵਜੇ ਆਪਣੇ ਕੁੱਤਿਆਂ ਨਾਲ ਘਰੋਂ ਨਿਕਲਦਾ ਸੀ ਤੇ ਸਾਢੇ ਚਾਰ ਕੁ ਵਜੇ ਦੇ ਕਰੀਬ ਪਰਤ ਆਉਂਦਾ ਸੀ। ਉਸਦੀ ਇਸ ਆਦਤ ਨੇ ਚੱਕ ਵਾਸੀਆਂ ਦੇ ਮਨਾਂ ਨੂੰ ਇਸ ਸ਼ਖ਼ਸ ਪ੍ਰਤੀ ਸ਼ਰਧਾ ਅਤੇ ਸ਼ੱਕ ਦੋਹਾਂ ਨਾਲ ਭਰ ਦਿੱਤਾ। ਪਿੰਡ ਦੇ ਕੁਝ ਜਵਾਨਾਂ ਨੇ ਉਸਦਾ ਪਿੱਛਾ ਵੀ ਕੀਤਾ, ਪਰ ਕੁੱਤਿਆਂ ਦਾ ਸਾਥ ਹੋਣ ਕਰਕੇ ਉਹ ਇਸ ਗੱਲ ਦਾ ਕਦੇ ਵੀ ਪਤਾ ਨਾ ਕਰ ਸਕੇ ਕਿ ਉਹ ਰਾਤ ਨੂੰ ਕਿੱਥੇ ਜਾਂਦਾ ਸੀ।
ਜਦੋਂ ਕੱਚੀ ਅਲਾਟਮੈਂਟ ਹੋਈ ਤਾਂ ਲੰਬੜਦਾਰ ਖ਼ੈਰਦੀਨ ਨੇ ਉਸਨੂੰ ਮੁਰੱਬਾ ਨੰਬਰ 61 ’ਚੋਂ ਕਿੱਲਾ ਨੰਬਰ 16 ਅਲਾਟ ਵੀ ਕਰਵਾ ਦਿੱਤਾ ਸੀ। ਲੰਬੜਦਾਰ ਹੋਰਾਂ ਦੀ ਸੋਚ ਸੀ ਕਿ ਇਸ ਜ਼ਮੀਨ ਨੂੰ ਅੱਧ-ਮਾਮਲੇ ਉੱਤੇ ਦੇ ਕੇ ਉਹ ਆਪਣਾ ਗੁਜ਼ਾਰਾ ਕਰ ਸਕਦਾ ਹੈ।
ਦਿਨ, ਮਹੀਨੇ, ਸਾਲ ਬੀਤਦੇ ਗਏ। ਉਸਦੇ ਚਰਚੇ ਨੇੜਲੇ ਚੱਕਾਂ ਵਿਚ ਵੀ ਹੋਣ ਲੱਗੇ। ਕਿਸੇ ਨੂੰ ਉਸਦਾ ਅਸਲ ਨਾਂ ਅਤੇ ਸਿਰਨਾਵਾਂ ਨਹੀਂ ਸੀ ਪਤਾ। ਲੋਕਾਂ ਨੇ ਉਸਦਾ ਨਾਂ ਸਰਦਾਰ ਸਾਈਂ ਰੱਖ ਲਿਆ। ਉਸਨੂੰ ਵੇਖਦਿਆਂ, ਲੋਕ ਸਿਰ ਝੁਕਾ ਲੈਂਦੇ। ਉਸ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਕੇ ਲਿਆਉਂਦੇ। ਉਸਦੇ ਅਸੂਲ ਬੜੇ ਸਖ਼ਤ ਸਨ। ਖ਼ੈਰਦੀਨ ਦੇ ਘਰ ਤੋਂ ਸਿਵਾ ਉਹ ਕਿਸੇ ਹੋਰ ਘਰ ਦਾ ਭੋਜਨ ਨਹੀਂ ਸੀ ਕਬੂਲਦਾ। ਉਹ ਸਵੇਰ-ਸ਼ਾਮ ਸਿਰਫ਼ ਇਕ-ਇਕ ਰੋਟੀ ਖਾਂਦਾ ਸੀ। ਕਿਸੇ ਔਰਤ ਵੱਲ ਉਸਨੇ ਕਦੇ ਅੱਖ ਚੁੱਕ ਕੇ ਨਹੀਂ ਸੀ ਵੇਖਿਆ। ਅੱਠ ਆਨੇ ਦੀ ਅਫ਼ੀਮ ਉਹ ਰੋਜ਼ ਖਾਂਦਾ। ਲੰਬੜਦਾਰ ਖ਼ੈਰਦੀਨ ਦਾ ਪੁੱਤਰ-ਭਤੀਜਾ ਜਾਂ ਨੌਕਰ, ਉਸ ਲਈ ਸਮੁੰਦਰੀ ਤੋਂ ਅਫ਼ੀਮ ਲੈ ਕੇ ਆਉਂਦੇ। ਅਫ਼ੀਮ ਖਾ ਕੇ ਉਹ ਆਪਣੀ ਬੈਠਕ ਵਿਚ ਪਿਆ ਰਹਿੰਦਾ। ਕੁੱਤੇ ਉਸਦੇ ਆਲੇ-ਦੁਆਲੇ ਸੌ ਜਾਂਦੇ।
ਉਹ ਕੋਈ ਅਠਾਰਾਂ ਵਰ੍ਹੇ ਦੇ ਕਰੀਬ ਜਿਉਂਦਾ ਰਿਹਾ। ਆਖ਼ਰੀ ਦਿਨਾਂ ਵਿਚ ਉਸਦਾ ਸੱਜੇ ਪਾਸੇ ਦਾ ਚੂਲਾ ਉਤਰ ਗਿਆ ਸੀ। ਰੋਪੜ ਦੇ ਪਿੰਡ ਬਡਵਾਲਾ ਤੋਂ ਗਿਆ ਗਾਮੂੰ ਲੁਹਾਰ ਆਪਣੇ ਵੇਲਿਆਂ ਦਾ ਮਸ਼ਹੂਰ ਬਦਮਾਸ਼ ਰਿਹਾ ਸੀ। ਇਹ ਬੰਦਾ ਉਤਰੇ ਹੋਏ ਹੱਡ ਚਾੜ੍ਹਨ ਵਿਚ ਮਾਹਰ ਸੀ। ਉਹ ਸਰਦਾਰ ਸਾਈਂ ਦੀ ਰੋਜ਼ਾਨਾ ਮਾਲਸ਼ ਕਰਦਾ।
ਇਕ ਸਵੇਰ ਸਫ਼ਦਰ ਦਾ ਅੱਬਾ ਸਰਦਾਰ ਸਾਈਂ ਲਈ ਰੋਟੀ ਲੈ ਕੇ ਗਿਆ। ਉਸਨੇ ਬੈਠਕ ਦਾ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਹੁੰਗਾਰਾ ਨਾ ਮਿਲਿਆ। ਉਹ ਮੁੜ ਆਇਆ। ਦੁਪਹਿਰ ਤਕ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਅੱਬਾ ਨੇ ਪਿੰਡ ਦੇ ਲੋਕ ਇਕੱਠੇ ਕਰ ਲਏ। ਜਦੋਂ ਉਨ੍ਹਾਂ ਦਰਵਾਜ਼ਾ ਪੁੱਟਿਆ ਤਾਂ ਉਨ੍ਹਾਂ ਨੇ ਵੇਖਿਆ ਕਿ ਸਾਈਂ ਸਰਦਾਰ ਮਰਿਆ ਪਿਆ ਸੀ। ਕੁੱਤੇ ਉਸਦੀ ਲਾਸ਼ ਦੁਆਲੇ ਸਿਰ ਸੁੱਟੀ ਉਦਾਸ ਬੈਠੇ ਸਨ। ਚੱਕ ਵਾਲਿਆਂ ਨੇ ਉਸਦੀ ਲਾਸ਼ ਨੂੰ ਨੁਹਾਇਆ ਤੇ ਕਬਰਸਤਾਨ ਲਿਜਾ ਕੇ ਦਫ਼ਨਾ ਦਿੱਤਾ।
“ਉਹ ਰਾਤ ਨੂੰ ਕਿੱਥੇ ਜਾਂਦਾ ਹੋਊ?” ਸਰਦਾਰ ਸਾਈਂ ਦੀ ਸਾਰੀ ਕਹਾਣੀ ਸੁਣਕੇ ਮੈਂ ਸਵਾਲ ਕੀਤਾ।
“ਪਤਾ ਨਹੀਂ!” ਸਫ਼ਦਰ ਬੋਲਿਆ।
“ਸ਼ਾਇਦ ਉਸਦੀ ਕੋਈ ਮਹਬਿੂਬਾ ਹੋਵੇ।” ਮੈਂ ਆਖਿਆ।
“ਜ਼ਰੂਰ ਹੋਵੇਗੀ।” ਉਹ ਹੱਸ ਪਿਆ।
“ਕੌਣ?” ਮੈਂ ਹੈਰਾਨੀ ਨਾਲ ਪੁੱਛਿਆ।
“ਮੈਂ ਵੀ ਅੱਬਾ ਨੂੰ ਇਹੋ ਆਖਿਆ ਸੀ। ਉਹ ਮੂਹਰਿਓਂ ਬੋਲਿਆ ਸੀ- ਕੋਈ ਔਰਤ ਨਹੀਂ, ਇਹ ਬਾਰ ਦਾ ਇਲਾਕਾ ਹੀ ਸਰਦਾਰ ਸਾਈਂ ਦੀ ਮਹਬਿੂਬਾ ਸੀ। ਇਸੇ ਮਹਬਿੂਬਾ ਕਰਕੇ ਉਹ ਹਿੰਦੋਸਤਾਨ ਨਹੀਂ ਸੀ ਗਿਆ। ਇਸ ਲਈ ਉਸਨੇ ਸਭ ਰਿਸ਼ਤੇ-ਨਾਤੇ ਤਿਆਗ ਦਿੱਤੇ ਸਨ। ਪਤਾ ਨਹੀਂ ਕਿੰਨੇ ਮੁਰੱਬਿਆਂ ਦਾ ਮਾਲਕ ਹੋਣੈ, ਪਰ ਉਹ ਅਠਾਰਾਂ ਵਰ੍ਹੇ ਇਕੋ ਬੈਠਕ ਵਿਚ ਰਹਿੰਦਾ ਰਿਹਾ। ਸਿਰਫ਼ ਦੋ ਰੋਟੀਆਂ ’ਤੇ ਗੁਜ਼ਾਰਾ ਕਰਦਾ ਰਿਹਾ। ਉਸ ਵਿਚਾਰੇ ਨੇ ਕੁੱਤਿਆਂ ਨਾਲ ਯਾਰੀ ਪਾ ਕੇ ਵਕਤ ਗੁਜ਼ਾਰ ਲਿਆ ਸੀ ਤੇ ਆਖ਼ਰ ਆਪਣੀ ਮਹਬਿੂਬਾਂ ਦੀ ਗੋਦੀ ’ਚ ਸਮਾ ਗਿਆ ਸੀ!” ਇਹ ਕਹਿੰਦਿਆਂ ਸਫ਼ਦਰ ਖਾਂ ਦਾ ਗੱਚ ਭਰ ਆਇਆ।
ਸੰਪਰਕ: 97818-43444