ਪੱਤਰ ਪ੍ਰੇਰਕ
ਡਕਾਲਾ, 14 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਸ਼ਾਮ ਸਮਾਣਾ ਤੋਂ ਪਟਿਆਲਾ ਪੈਂਦੀ ਸੜਕ ’ਤੇ ਕੱਢੀ ਗਈ ‘ਪੰਜਾਬ ਬਚਾਓ ਯਾਤਰਾ’ ਵਿੱਚ ਸਥਾਨਕ ਡਕਾਲਾ ਇਲਾਕੇ ਦੇ ਵੱਡੀ ਗਿਣਤੀ ਅਕਾਲੀ ਵਰਕਰਾਂ ਤੇ ਆਹੁਦੇਦਾਰਾਂ ਨੇ ਪਾਰਟੀ ਦੇ ਸਥਾਨਕ ਸੀਨੀਅਰ ਆਗੂ ਜਥੇਦਾਰ ਗੁਰਧਿਆਨ ਸਿੰਘ ਭਾਨਰੀ ਦੀ ਅਗਵਾਈ ਹੇਠ ਖੇੜੀ ਫੱਤਣ ਪੁਆਇੰਟ ਕੋਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਲਈ ਸਵਾਗਤ ਰੈਲੀ ਕੀਤੀ ਗਈ। ਅਜਿਹੇ ਸਵਾਗਤੀ ਸਮਾਰੋਹ ਦੌਰਾਨ ਜਥੇਦਾਰ ਭਾਨਰੀ ਦੀ 50 ਹਜ਼ਾਰ ਦੇ ਮੁੱਲ ਦੀ ਐਪਲ ਸਮਾਰਟ ਘੜੀ ਅਚਾਨਕ ਗਵਾਚ ਗਈ। ਜਥੇਦਾਰ ਭਾਨਰੀ ਨੇ ਦੱਸਿਆ ਕਿ ਜਦੋਂ ਉਹ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲੱਗੇ ਤਾਂ ਅਜਿਹੇ ਦੌਰਾਨ ਘੜੀ ਕੀਤੇ ਖੁੱਲ੍ਹ ਕੇ ਡਿੱਗ ਗਈ ਜਾਂ ਕਿਸੇ ਨੇ ਖਿੱਚ ਲਈ। ਭਾਨਰੀ ਨੇ ਦੱਸਿਆ ਕਿ ਭਾਵੇਂ ਘੜੀ ਦੀ ਸ਼ੁਰੂ ਤੋਂ ਹੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਘੜੀ ਨਹੀਂ ਲੱਭੀ। ਉਹਨਾਂ ਦੱਸਿਆ ਕਿ ਘੜੀ ਐਪਲ ਸਮਾਰਟ ਤਕਨੀਕ ਨਾਲ ਲੈੱਸ ਹੋਣ ਦੀ ਵਜ੍ਹਾ ਕੁਝ ਸਮਾਂ ਤੱਕ ਇਹ ਇਲਮ ਵੀ ਦਿੰਦੀ ਰਹੀ ਕਿ ਉਹ ਸੁਖਬੀਰ ਬਾਦਲ ਦੀ ਗੱਡੀ ਦੇ ਵਿੱਚ ਸਹੀ ਸਲਾਮਤ ਪਈ ਹੈ, ਪ੍ਰੰਤੂ ਥੋੜੇ ਹੋਰ ਸਮੇਂ ਬਾਅਦ ਘੜੀ ਵਿੱਚ ਆਫ ਸਾਈਨ ਦੇਣ ਲੱਗੀ।